ਫਰੰਟ ਲਾਇਨ ਵਰਕਰ ਬਿਨ੍ਹਾਂ ਕਿਸੇ ਝਿਜਕ ਤੋਂ ਵੈਕਸੀਨ ਲਗਵਾਉਣ ਦੀ ਕੀਤੀ ਅਪੀਲ
ਤਰਨ ਤਾਰਨ, 04 ਫਰਵਰੀ :
ਤਰਨ ਤਾਰਨ ਜ਼ਿਲ੍ਹੇ ਅੰਦਰ ਕੋਵਿਡ-19 ਦੀ ਵੈਕਸੀਨ ਲਾਉਣ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ‘ਫਰੰਟ ਲਾਇਨ ਵਰਕਰਾਂ’ ਨੂੰ ਕਵਰ ਕੀਤਾ ਜਾਵੇਗਾ।ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਕੋਵਿਡ-19 ਵੈਕਸੀਨ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਦੂਜੇ ਪੜਾਅ ਵਿਚ ਫਰੰਟ ਲਾਇਨ ਵਰਕਰ ਜਿਨ੍ਹਾਂ ਵਿਚ ਮੁੱਖ ਤੌਰ ’ਤੇ ਮਾਲ , ਪੰਜਾਬ ਪੁਲਿਸ, ਜੇੇਲ੍ਹਾਂ, ਕੇਂਦਰੀ ਸੁਰੱਖਿਆ ਬਲਾਂ ਦੇ ਸਟਾਫ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਕਰੋਨਾ ਵਿਰੁੱਧ ਲੰਬੀ ਲੜਾਈ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਇਨ੍ਹਾਂ ਕਰਮੀਆਂ ਨੂੰ ਵੈਕਸੀਨ ਦੇ ਕੇ ਮਹਾਂਮਾਰੀ ਨੂੰ ਜਲਦ ਖਤਮ ਕੀਤਾ ਜਾ ਸਕੇ।ਜ਼ਿਕਰਯੋਗ ਹੈ ਕਿ 16 ਜਨਵਰੀ ਤੋਂ ਸ਼ੁਰੂ ਹੋਏ ਪਹਿਲੇ ਪੜਾਅ ਵਿਚ ਸਿਹਤ ਵਿਭਾਗ ਦੇ ਕਰਮੀਆਂ ਨੂੰ ਵੈਕਸੀਨ ਲੱਗੀ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੈਕਸੀਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਡਾਟਾ ਬੇਸ ਤਿਆਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਤਹਿਤ ਵੈਕਸੀਨ ਲਗਵਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਈ ਹੈ, ਜਿਸ ਕਰਕੇ ਫਰੰਟ ਲਾਇਨ ਵਰਕਰ ਬਿਨ੍ਹਾਂ ਕਿਸੇ ਝਿਜਕ ਤੋਂ ਵੈਕਸੀਨ ਲਗਵਾਉਣ।
ਡਿਪਟੀ ਕਮਿਸ਼ਨਰ ਨੇ ਸਮੂਹ ਐਸ. ਡੀ. ਐਮਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਵੈਕਸੀਨ ਦੇ ਦੂਜੇ ਪੜਾਅ ਨੂੰ ਵੀ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧਾਂ ਦੀ ਨਿਗਰਾਨੀ ਨਿੱਜੀ ਤੌਰ ’ਤੇ ਕਰਨ। ਇਸ ਮੌਕੇ ਸਿਵਲ ਸਰਜਨ ਡਾ. ਰੋਹਿਤ ਮਹਿਤਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰੋਹਿਤ ਗੁਪਤਾ, ਜ਼ਿਲ੍ਹਾ ਟੀਕਕਰਨ ਅਫ਼ਸਰ ਡਾ. ਕੰਵਲਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।