ਅੰਮ੍ਰਿਤਸਰ 24 ਮਈ ,2021
ਕਰੋਨਾ ਦੇ ਟੈਸਟ ਅਤੇ ਵੈਕਸੀਨ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਵਿੱਚ ਕਾਫੀ ਗਲਤਫਹਿਮੀਆਂ ਪਾਈਆਂ ਜਾ ਰਹੀਆਂ ਹਨ ਇਨ੍ਹਾਂ ਗਲਤਫਹਿਮੀਆਂ ਨੂੰ ਦੂਰ ਕਰਨ ਲਈ ਅਤੇ ਕਰੋਨਾ ਮਹਾਂਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਨੈਟਵਰਕ 18, ਫੈਡਰਲ ਬੈਂਕ ਅਤੇ ਐਨ:ਜੀ:ਓ ਪਾਰਟਰ ਯੂਨਾਈਟਿਡ ਵੇਅ ਮੁੰਬਈ ਵੱਲੋਂ ਜਿਲੇ੍ਹ ਦੇ 35 ਪਿੰਡਾਂ ਵਿੱਚ ਚਲਾਈ ਜਾਣ ਵਾਲੀ ਸੰਜੀਵਨੀ ਵੈਨ ਨੂੰ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਸ੍ਰ ਖਹਿਰਾ ਨੇ ਦੱਸਿਆ ਕਿ ਦੂਜੀ ਲਹਿਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਸੰਜੀਵਨੀ ਗੱਡੀ ਨੂੰ 7 ਅਪ੍ਰੈਲ 2021 ਵਿਸ਼ਵ ਸਿਹਤ ਦਿਵਸ ਮੌਕੇ ਇਸ ਮੁਹਿੰਮ ਦੇ ਬਰਾਂਡ ਅੰਬੈਸਡਰ ਸ੍ਰੀ ਸੋਨੂੰ ਸੂਦ ਵੱਲੋਂ ਅਟਾਰੀ ਬਾਰਡਰ ਤੋਂ ਇਸ ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਦੇ 5 ਜਿਲਿ੍ਹਆਂ ਲਈ ਇਸ ਗੱਡੀ ਨੂੰ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਗੱਡੀ ਅੰਮ੍ਰਿਤਸਰ, ਨਾਸਿਕ, ਗੰਨਟੂਰ, ਦੱਖਣ ਕੰਨਡ ਅਤੇ ਇੰਦੌਰ ਜਿਲਿ੍ਹਆਂ ਦੇ 500 ਪਿੰਡਾਂ ਵਿੱਚ ਜਾਵੇਗਾ ਜਿਥੇ ਇਹ ਪ੍ਰਚਾਰ ਕਰਕੇ ਲੋਕਾਂ ਨੂੰ ਕੋਵਿਡ 19 ਦੇ ਸੁਰੱਖਿਆ ਨਿਯਮਾਂ ਤੋਂ ਜਾਣੂੰ ਕਰਵਾਉਣ ਦੇ ਨਾਲ ਨਾਲ ਵੈਕਸੀਨ ਲਗਾਉਣ ਸਬੰਧੀ ਵੀ ਪ੍ਰੇਰਿਤ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 5 ਜਿਲਿ੍ਹਆਂ ਵਿੱਚ ਇਸ ਮੁਹਿੰਮ ਦੇ ਹੈਲਥ ਪਾਰਟਰ ਅਪੋਲੋ ਅਤੇ ਐਨ:ਜੀ:ਓ ਪਾਰਟਰ ਯੂਨਾਈਟਿਡ ਵੇਅ ਮੁੰਬਈ ਵੱਲੋਂ ਵੈਕਸੀਨ ਦੇ ਕੈਂਪ ਲਗਾ ਕੇ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ। ਸ੍ਰ ਖਹਿਰਾ ਨੇ ਦੱਸਿਆ ਕਿ ਇਸ ਸੰਜੀਵਨੀ ਗੱਡੀ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾਕਰਨ ਪ੍ਰਤੀ ਪ੍ਰੇਰਿਤ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਵਾਇਰਸ ਤੇ ਜਿੱਤ ਪਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਹਾਂਮਾਰੀ ਨੂੰ ਖਤਮ ਕਰਨ ਲਈ ਸਰਕਾਰ ਦੇ ਨਾਲ ਕਈ ਐਨ:ਜੀ:ਓਜ਼ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੂਜੀ ਲਹਿਰ ਸਮੇਂ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਫਿਰ ਵੀ ਅਸੀਂ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਡੱਟ ਦੇ ਖੜ੍ਹੇ ਹਾਂ।