ਸੋਨਾਲੀਕਾ ਵਲੋਂ ਇਸ ਪ੍ਰੋਜੈਕਟ ’ਚ 4,56,000 ਰੁਪਏ ਦਾ ਦਿੱਤਾ ਗਿਆ ਆਰਥਿਕ ਸਹਿਯੋਗ
ਹੁਸ਼ਿਆਰਪੁਰ, 24 ਮਈ,2021 ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਅਪਨੀਤ ਰਿਆਤ ਨੇ ਅੱਜ ਜ਼ਿਲ੍ਹਾ ਰੈਡ ਕਰਾਸ ਪ੍ਰੋਗਰਾਮ ਵਿੱਚ ਲੋੜਵੰਦ ਦਿਵਆਂਗਜਨਾਂ ਨੂੰ 37 ਮੋਟੋਰਾਈਜਡ ਟਰਾਈਸਾਈਕਲ ਵੰਡੇ। ਉਨ੍ਹਾਂ ਦੱਸਿਆ ਕਿ ਇਕ ਮੋਟੋਰਾਈਜਡ ਟਰਾਈਸਾਈਕਲ ਦੀ ਕੀਮਤ 37 ਹਜ਼ਾਰ ਰੁਪਏ ਹੈ ਅਤੇ ਇਸ ਰਕਮ ਵਿਚੋਂ 25 ਹਜ਼ਾਰ ਸਰਕਾਰ ਵਲੋਂ ਅਤੇ 12 ਹਜ਼ਾਰ ਰੁਪਏ ਲਾਭਪਾਤਰੀ ਨੂੰ ਦੇਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿਉਂਕਿ ਇਹ ਸਾਰੇ ਲਾਭਪਾਤਰੀ ਜ਼ਰੂਰਤਮੰਦ ਸਨ, ਇਸ ਲਈ ਇਨ੍ਹਾਂ ਲਾਭਪਾਤਰੀਆਂ ਵਲੋਂ ਦਿੱਤਾ ਜਾਣ ਵਾਲਾ ਸਾਰਾ ਸ਼ੇਅਰ ਸੋਨਾਲੀਕਾ ਇੰਡਸਟਰੀ ਹੁਸ਼ਿਆਰਪੁਰ ਵਲੋਂ ਦਿੱਤਾ ਗਿਆ। ਉਨ੍ਹਾਂ ਸੋਨਾਲੀਕਾ ਵਲੋਂ ਇਸ ਸਮਾਜਿਕ ਕੰਮ ਵਿੱਚ ਦਿੱਤਾ 4,56,000 ਰੁਪਏ ਦਾ ਆਰਥਿਕ ਸਹਿਯੋਗ ਦੇ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਗਰੀਬ, ਬੀਮਾਰ ਵਿਧਵਾ ਅਤੇ ਦਿਵਆਂਗਜਨ ਦੀ ਸਹਾਇਤਾ ਦੇ ਲਈ ਹਮੇਸ਼ਾ ਅੱਗੇ ਰਹੀ ਹੈ ਅਤੇ ਸਮੇਂ-ਸਮੇਂ ’ਤੇ ਦਿਵਆਂਗਜਨ ਨੂੰ ਟਰਾਈ ਸਾਈਕਲ, ਮੋਟੋਰਾਈਜਡ, ਕਰੈਚਜ਼, ਆਰਟੀਫਿਸ਼ੀਅਲ ਅੰਗ, ਵੀਲ੍ਹ ਚੇਅਰ ਅਤੇ ਸਿਲਾਈ ਮਸ਼ੀਨਾ ਆਦਿ ਦੀ ਸਹਾਇਤਾ ਮੁਹੱਈਆ ਕਰਵਾਉਂਦੀ ਰਹੀ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਨਾਲ ਜੁੜਨ ਦੀ ਅਪੀਲ ਕੀਤੀ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਦੱਸਿਆ ਕਿ ਸੋਨਾਲੀਕਾ ਇੰਡਸਟਰੀ ਵਲੋਂ ਹਮੇਸ਼ਾ ਹੀ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੀ ਮਦਦ ਦੇ ਲਈ ਅੱਗੇ ਆਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਵਲੋਂ ਜ਼ਿਲ੍ਹੇ ਵਿੱਚ ਬਹੁਤ ਸਾਰੇ ਪ੍ਰੋਜੈਕਟਾਂ ਵਿੱਚ ਸੋਨਾਲੀਕਾ ਕੰਪਨੀ ਵਲੋਂ ਸਹਿਯੋਗ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀਆਂ ਗਾਈਡਲਾਈਨਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ 37 ਮੋਟੋਰਾਈਜ਼ਡ ਟਰਾਈਸਾਈਕਲ ਲਾਭਪਾਤਰੀਆਂ ਨੂੰ ਦੋ ਚਰਨਾ ਵਿੱਚ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ 6 ਨਵੰਬਰ ਨੂੰ ਮੋਟੋਰਾਈਜਡ ਟਰਾਈਸਾਈਕਲ ਦੇਣ ਦੇ ਲਈ ਅਲੀਮੰਕੋ ਟੀਮ ਦੁਆਰਾ ਦਿਵਆਂਗ ਵਿਅਕਤੀਆਂ ਦੀ ਅਸੈਸਮੈਂਟ ਕੀਤੀ ਗਈ ਸੀ। ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਮੋਟੋਰਾਈਜ਼ਡ ਟਰਾਈਸਾਈਕਲ ਦੀ ਸਹਾਇਤਾ ਕੇਵਲ 80 ਫੀਸਦੀ ਜਾਂ ਇਸ ਤੋਂ ਵੱਧ ਡਿਸਏਬੇਲਿਟੀ, ਕਮ ਉਮਰ ਵਾਲੇ ਲਾਭਪਾਤਰੀ ਨੂੰ ਹੀ ਦਿੱਤਾ ਜਾ ਸਕਦਾ ਹੈ।
ਇਸ ਮੌਕੇ ’ਤੇ ਇੰਟਰਨੈਸ਼ਨਲ ਟਰੈਕਟਰਜ਼ ਲਿਮਿਟਡ ਸੋਨਾਲੀਕਾ ਦੇ ਡਾਇਰੈਕਟਰ ਡਿਵੈਲਪਮੈਂਟ ਐਂਡ ਕਮਰਸ਼ਿਅਲ ਮੈਂਬਰ ਸਾਂਗਵਾਨ, ਹੈਡ ਲੀਗਲ ਐਂਡ ਪੀ.ਆਰ ਰਜਨੀਸ਼ ਸੰਦਲ, ਸੀ.ਐਸ.ਆਰ. ਪ੍ਰੋਜੈਕਟਰ ਕੋਆਰਡੀਨੇਟਰ ਨੀਰਜ ਮਨੋਚਾ ਵੀ ਹਾਜ਼ਰ ਸਨ।