ਡਿਪਟੀ ਕਮਿਸ਼ਨਰ, ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਤੇ ਸ਼੍ਰੀ ਹਰਮਿੰਦਰ ਸਿੰਘ ਗਿੱਲ ਨੇ ਸਿਵਲ ਹਸਪਤਾਲ ਵਿਖੇ ਟੀਕਾਕਰਨ ਮੁਹਿੰਮ ਦਾ ਰਸਮੀ ਤੌਰ ‘ਤੇ ਕੀਤਾ ਆਗਾਜ਼

ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾ ਕੇ ਕੀਤੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ
ਤਰਨ ਤਾਰਨ, 16 ਜਨਵਰੀ :
ਦੁਨੀਆ ਦੀ ਸਭ ਤੋਂ ਵੱਡੀ ਕਰੋਨਾ ਟੀਕਾਕਰਨ ਮੁਹਿੰਮ ਦਾ ਅੱਜ ਭਾਰਤ ਭਰ ਵਿੱਚ ਆਗਾਜ਼ ਹੋ ਗਿਆ ਹੈ।ਇਸ ਸਬੰਧੀ ਜਿਲ੍ਹਾ ਤਰਨ ਤਾਰਨ ਵਿੱਚ ਜਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਕੁਲੰਵਤ ਸਿੰਘ, ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਵੀਰ ਅਗਨੀਹੋਤਰੀ ਅਤੇ ਹਲਕਾ ਵਿਧਾਇਕ ਪੱਟੀ ਸ਼੍ਰੀ ਹਰਮਿੰਦਰ ਸਿੰਘ ਗਿੱਲ ਨੇ ਅੱਜ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਇਸ ਟੀਕਾਕਰਨ ਮੁਹਿੰਮ ਦਾ ਰਸਮੀ ਤੌਰ ‘ਤੇ ਆਗਾਜ਼ ਕੀਤਾ।
ਇਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾ ਕੇ ਕੀਤੀ ਗਈ।ਇਸ ਮੌਕੇ ਐੱਸ. ਐੱਮ. ਓ. ਤਰਨ ਤਾਰਨ ਡਾ. ਸਵਰਨਜੀਤ ਧਵਨ, ਡੀ. ਐੱਮ. ਸੀ. ਡਾ. ਭਾਰਤੀ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ਼੍ਰੀ ਕੁਲੰਵਤ ਸਿੰਘ, ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਵੀਰ ਅਗਨੀਹੋਤਰੀ ਅਤੇ ਹਲਕਾ ਵਿਧਾਇਕ ਪੱਟੀ ਸ਼੍ਰੀ ਹਰਮਿੰਦਰ ਸਿੰਘ ਗਿੱਲ ਨੇੇ ਕਿਹਾ ਕਿ ਕਰੋਨਾ ਵਾਇਰਸ ਨੇ ਪਿਛਲੇ ਇੱਕ ਸਾਲ ਵਿੱਚ ਪੂਰੀ ਦੁਨੀਆਂ ਦੇ ਸਿਸਟਮ ਨੂੰ ਢਹਿ ਢੇਰੀ ਕਰ ਦਿੱਤਾ ਸੀ।ਉਹਨਾਂ ਨੇ ਕਿਹਾ ਕਿ ਸਾਡੇ ਸਾਇੰਸਦਾਨਾਂ ਨੇ ਬਹੁਤ ਹੀ ਮਿਹਨਤ ਨਾਲ ਕੋਵਿਡ ਦਾ ਟੀਕਾ ਤਿਆਰ ਕੀਤਾ ਹੈ, ਜਿਸ ਕਾਰਨ ਸਾਨੂੰ ਆਸ ਹੈ ਕਿ ਹੁਣ ਕੋਵਿਡ ਦੇ ਟੀਕੇ ਦੇ ਨਾਲ ਅਸੀਂ ਇਸ ਮਹਾਂਮਾਰੀ ‘ਤੇ ਪੂਰੀ ਤਰ੍ਹਾ ਕਾਬੂ ਪਾ ਲਵਾਂਗੇ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪਹਿਲੇ ਪੜਾਅ ਤਹਿਤ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਲੱਗੱਭਗ 6700 ਸਿਹਤ ਵਰਕਰਾਂ ਨੂੰ  ਇਹ ਵੈਕਸੀਨ ਲੱਗੇਗੀ। ਵੈਕਸੀਨ ਦੀ ਦੂਜੀ ਡੋਜ਼ 28 ਦਿਨ ਬਾਅਦ ਲੱਗੇਗੀ, ਜਦਕਿ  ਸਿਹਤ ਵਰਕਰਾਂ ਤੋਂ ਬਾਅਦ ਸੁਰੱਖਿਆ ਕਰਮੀਆਂ ਨੂੰ ਵੀ ਇਹ ਵੈਕਸੀਨ ਲਗਾਈ ਜਾਵੇਗੀ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਵੈਕਸੀਨੇਸ਼ਨ ਲਈ ਜ਼ਿਲ੍ਹੇ ਭਰ ਵਿੱਚ 19 ਵੈਕਸੀਨੇਸ਼ਨ ਸੈਂਟਰ ਬਣਾਏ ਗਏ ਹਨ, ਜਿੰਨਾ ਵਿੱਚ ਅਜੇ ਤਿੰਨ ਸੈਂਟਰ ਵਿੱਚ ਵੈਕਸੀਨੇਸ਼ਨ ਲਗਾਉਣੀ ਸ਼ੁਰੂ ਕੀਤੀ ਗਈ ਜਾਵੇਗੀ, ਸਿਵਲ ਹਸਪਤਾਲ ਤਰਨ ਤਾਰਨ, ਸਬ-ਡਵੀਜ਼ਨਲ ਹਸਪਤਾਲ ਪੱਟੀ ਅਤੇ ਖਡੂਰ ਸਾਹਿਬ।
ਉਹਨਾਂ ਦੱਸਿਆ ਕਿ ਇਹਨਾਂ ਸੈਂਟਰਾਂ ਵਿੱਚ ਪੈਰਾਮੈਡੀਕਲ ਸਟਾਫ ਅਤੇ ਮੈਡੀਕਲ ਅਫਸਰਾਂ ਦੀ ਡਿਊਟੀ ਮਾਈਕਰੋਪਲਾਨ ਅਨੁਸਾਰ ਲਗਾਈ ਜਾ ਚੁੱਕੀ ਹੈ।ਵੈਕਸੀਨੇਸ਼ਨ ਵਾਲੇ ਦਿਨ ਜਿਸ ਨੂੰ ਟੀਕਾ ਲੱਗਣਾ ਹੈ, ਉਸ ਦੀ ਪਹਿਲਾ ਵੈਕਸੀਨੇਸ਼ਨ ਅਫਸਰ ਵੱਲੋ ਐਂਟਰੀ ਤੇ ਲਾਭਪਾਤਰੀ ਦਾ ਨਾਮ ਲਿਸਟ ਵਿੱਚ ਚੈੱਕ ਕੀਤਾ ਜਾਵੇਗਾ, ਉਸ ਤੋਂ ਬਾਅਦ “ਕੋਵਿਨ” ਐਪ ਵਿੱਚ ਦੂਸਰਾ ਵੈਕਸੀਨੇਸ਼ਨ ਅਫਸਰ ਟੀਕਾ ਲਗਾਉਣ ਵਾਲੇ ਦਾ ਨਾਮ ਵੈਰੀਫਾਈ ਕਰੇਗਾ, ਨਾਮ ਦੀ ਵੈਕਰੀਫਿਕੇਸ਼ਨ ਤੋਂ ਬਾਅਦ ਵੈਕਸੀਨੇਸ਼ਨ ਰੂਮ ਵਿੱਚ ਟੀਕਾ ਲਗਵਾਇਆ ਜਾਵੇਗਾ ਤੇ ਲਾਭਪਾਤਰੀ ਨੂੰ ਵੈਕਸੀਨ ਸਬੰਧੀ ਜ਼ਰੂਰੀ ਸੰਦੇਸ਼ ਦਿੱਤੇ ਜਾਣਗੇ । ਸੰਦੇਸ਼ ਪਾਉਣ ਤੋਂ ਬਾਅਦ ਟੀਕਾ ਲੱਗਣ ਵਾਲੇ ਵਿਅਕਤੀ ਨੂੰ 30 ਮਿੰਨ ਅਬਜਰਵੇਸ਼ਨ ਰੂਮ ਵਿੱਚ ਰੱਖਿਆ ਜਾਵੇਗਾ।