ਅਗਾਂਹ ਵਧੂ ਕਿਸਾਨਾਂ ਵੱਲੋਂ ਨਵੀਆਂ ਤਕਨੀਕਾਂ ਅਤੇ ਆਧੁਨਿਕ ਮਸ਼ੀਨਰੀ ਵਰਤਕੇ ਖੇਤੀ ਵਿੱਚ ਨਵੀਨੀਂਕਰਨ ਲਿਆਉਣ ਬਾਰੇ ਕੀਤੀ ਗਈ ਵਿਚਾਰ ਚਰਚਾ
ਬਰਨਾਲਾ, 15 ਜੁਲਾਈ 2021
ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਅਗਾਂਹਵਧੂ ਅਤੇ ਅਗਾਂਹੂ ਸੋਚ ਰੱਖਕੇ ਖੇਤੀ ਨੂੰ ਆਧੁਨਿਕ ਤੇ ਨਵੀਆਂ ਤਕਨੀਕਾਂ ਅਤੇ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਰਸਮੀ ਖੇਤੀ ਨੂੰ ਛੱਡ ਕੇ ਆਪਣੀ ਖੇਤੀ ਨੂੰ ਆਧੁਨਿਕ, ਵਿਗਿਆਨਕ ਤਰੀਕੇ ਨਾਲ ਕਰਨ ਵਾਲੇ ਕਿਸਾਨਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਆਧੁਨਿਕ ਖੇਤੀ ਤਜਰਬਿਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਾਰੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨਵੀਆਂ ਤਕਨੀਕਾਂ ਅਪਣਾਕੇ ਆਧੁਨਿਕ ਤਰੀਕੇ ਨਾਲ ਫਸਲਾਂ ਬੀਜ ਕੇ ਉਸ ਦਾ ਵਧੀਆ ਝਾੜ ਲੈ ਰਹੇ ਹਨ ਅਤੇ ਪਰਾਲੀ ਦੀ ਸਾਂਭ-ਸੰਭਾਲ ਵੀ ਕਰ ਰਹੇ ਹਨ ਤੇ ਵਾਤਾਵਰਣ ਅਤੇ ਧਰਤੀ ਨੂੰ ਸਿਹਤਮੰਦ ਬਨਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਅਜਿਹੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਖੇਤਾਂ ਦਾ ਦੌਰਾ ਕਰਕੇ ਉਨ੍ਹਾਂ ਖੇਤੀ ਦੇ ਨਵੇਂ ਗੁਰ ਸਿੱਖਣ ਤੇ ਪਰਾਲੀ ਦੀ ਸਾਂਭ-ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ ਤੇ ਜ਼ਿਲ੍ਹੇ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਬਨਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਡਾ. ਚਰਨਜੀਤ ਸਿੰਘ ਕੈਂਥ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਕਰਨ ਅਤੇ ਵਾਤਾਵਰਣ ਨੂੰ ਸੰਭਾਲਣ ਦੀ ਅਪੀਲ ਕਰਦਿਆ ਕਿਹਾ ਕਿ ਉਹ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਪਰਾਲੀ ਨੂੰ ਸੰਭਾਲਣ ਦਾ ਸਮਾਂ ਮਿਲ ਸਕੇ।ਉਨ੍ਹਾਂ ਕਿਹਾ ਕਿ ਚਾਹੇ ਉਹ ਪਰਾਲੀ ਦੀਆਂ ਗੰਢਾਂ ਬਨਾਉਣ ਜਾਂ ਫਿਰ ਉਸ ਨੂੰ ਮਿੱਟੀ ਵਿੱਚ ਵਾਹ ਕੇ ਵਾਤਾਵਰਣ ਸੰਭਾਲਣ ਵਿੱਚ ਆਪਣਾ ਯੋਗਦਾਨ ਪਾਉਣ। ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਉਨ੍ਹਾਂ ਨੇ ਇਸ ਸਾਲ 30 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਪਿਛਲੇ ਸਾਲਾਂ 10 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਤਜਰਬਾ ਬਹੁਤ ਵਧੀਆ ਰਿਹਾ, ਝਾੜ ਵਧੀਆ ਰਿਹਾ ਤੇ ਪਾਣੀ ਦੀ ਵੀ ਬੱਚਤ ਹੋਈ। ਇਸ ਲਈ ਇਸ ਸਾਲ ਉਸ ਨੇ ਰਕਬੇ ਵਿੱਚ ਵਾਧਾ ਕੀਤਾ।
ਕਿਸਾਨ ਗੁਰਤੇਜ ਸਿੰਘ ਪੱਖੋਂ ਕਲਾਂ ਨੇ ਜੀਰੋ ਟਿੱਲ ਡਰਿੱਲ ਵਰਤ ਕੇ ਫ਼ਸਲ ਦੀ ਸਫ਼ਲ ਕਾਸ਼ਤ ਕੀਤੀ ਤੇ ਉਹ ਪਿਛਲੇ 5 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ।ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 4 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਤੇ ਰੋਟਾਵੇਟਰ ਨਾਲ ਵਹਾਈ ਕਰਕੇ ਜੀਰੋ ਟਿੱਲ ਡਰਿੱਲ ਵਰਤਦੇ ਹਨ। ਉਨ੍ਹਾਂ ਦੀ ਫ਼ਸਲ ਦਾ ਝਾੜ ਬਹੁਤ ਵਧੀਆ ਹੈ। ਕਿਸਾਨਾਂ ਨੇ ਖੇਤਾਂ ਵਿੱਚ ਚੂਹਿਆਂ ਦੀ ਸਮੱਸਿਆ ਦਾ ਵੀ ਮੀਟਿੰਗ ਵਿੱਚ ਜਿਕਰ ਕੀਤਾ।
ਇਸ ਮੌਕੇ ਡਾ. ਗੁਰਚਰਨ ਸਿੰਘ , ਡਾ. ਗੁਰਬਿੰਦਰ ਸਿੰਘ, ਡਾ. ਜੈਸਮੀਨ ਸਿੱਧੂ, ਡਾ. ਗੁਰਮੀਤ ਸਿੰਘ (ਤਿੰਨੇ ਖੇਤੀਬਾੜੀ ਵਿਕਾਸ ਅਫ਼ਸਰ) ਤੇ ਕਿਸਾਨਾਂ ਵਿੱਚ ਮਹਿੰਦਰ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ,ਬੂਟਾ ਸਿੰਘ, ਸੋਹਣ ਸਿੰਘ, ਸੁਖਜੀਤ ਸਿੰਘ, ਚਮਕੌਰ ਸਿੰਘ, ਲੱਖਾ ਸਿੰਘ ਤੇ ਰਣਵੀਰ ਸਿੰਘ ਤੇ ਹੋਰ ਕਿਸਾਨਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਸਰਟੀਫ਼ਿਕੇਟ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਇਨ੍ਹਾਂ ਤੋਂ ਸੇਧ ਲੈਕੇ ਆਧੁਨਿਕ ਮਸ਼ੀਨਾਂ ਨਾਲ ਖੇਤੀ ਕਰਨ, ਘੱਟ ਸਮਾਂ ਲੈਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ ਅਤੇ ਪਰਾਲੀ ਦੀ ਸਾਂਭ-ਸੰਭਾਲ ਦੇ ਆਧੁਨਿਕ ਮਸ਼ੀਨਾਂ ਵਰਤਣ ਅਤੇ ਪਰਾਲੀ ਨੂੰ ਅੱਗ ਨਾ ਲਗਾਕੇ ਵਾਤਾਵਰਣ ਨੂੰ ਸ਼ੁੱਧ, ਸਾਫ ਅਤੇ ਧਰਤੀ ਨੂੰ ਤੰਦਰੁਸਤ ਬਨਾਉਣ ਵਿੱਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ।ਅੰਤ ਵਿੱਚ ਡਾ. ਚਰਨਜੀਤ ਸਿੰਘ ਕੈਂਥ ਮੁੱਖ ਖੇਤੀਬਾੜੀ ਅਫ਼ਸਰ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ।