ਡਿਪਟੀ ਕਮਿਸ਼ਨਰ ਵੱਲੋਂ ਖੇਤੀ ਮਸ਼ੀਨਰੀ ਡੀਲਰਾਂ ਨੂੰ ਖੇਤੀ ਮਸ਼ੀਨਰੀ ਦੀ ਸੇਲ ਪਾਰਦਰਸ਼ੀ ਢੰਗ ਨਾਲ ਕਰਨ ਦੀ ਹਦਾਇਤ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਖੇਤੀ ਮਸ਼ੀਨਰੀ ਡੀਲਰਾਂ ਨਾਲ ਕੀਤੀ ਗਈ ਅਹਿਮ ਮੀਟਿੰਗ
ਤਰਨ ਤਾਰਨ, 26 ਅਕਤੂਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਵੱਲੋਂ ਖੇਤੀ ਮਸ਼ੀਨਰੀ ਡੀਲਰਾਂ ਨਾਲ ਇੰਨ-ਸੀਟੂ ਸਕੀਮ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ ਗਈ।ਉਹਨਾਂ ਨੇ ਜ਼ਿਲ੍ਹਾ ਤਰਨ ਤਾਰਨ ਦੇ ਸਾਰੇ ਖੇਤੀ ਮਸ਼ੀਨਰੀ ਡੀਲਰਾਂ ਨੂੰ ਹਦਾਇਤ ਕੀਤੀ ਕਿ ਖੇਤੀ ਮਸ਼ੀਨਰੀ ਦੀ ਸੇਲ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੇਰਾਫ਼ੇਰੀ ਨਾ ਕੀਤੀ ਜਾਵੇ।ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਇਸ ਮੌਕੇ ਮੌਜੂਦ ਮੁੱਖ ਖੇਤੀਬਾੜੀ ਅਫ਼ਸਰ, ਤਰਨ ਤਾਰਨ ਸ਼੍ਰੀ ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਸਾਰੇ ਫ਼ੇਜ਼ਾਂ ਦੇ ਆਰਡਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਮਸ਼ੀਨਾਂ ਦੀ ਵੈਰੀਫ਼ਿਕੇਸ਼ਨ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ ਖੇਤੀ ਮਸ਼ੀਨਰੀ ਡੀਲਰਾਂ ਨੂੰ ਇਸ ਸਕੀਮ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ ।ਇਸਦੇ ਨਾਲ ਹੀ ਖੇਤੀ ਮਸ਼ੀਨਰੀ ਡੀਲਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਦਿਸ਼ਾ-ਨਿਰਦੇਸ਼ ਦਿੱਤੇ ਗਏ ਅਤੇ ਇਹ ਵੀ ਦੱਸਿਆ ਗਿਆ ਕਿ 31 ਅਕਤੂਬਰ, 2020 ਤੱਕ ਮਸ਼ੀਨਰੀ ਵੇਚਣ ਦਾ ਕੰਮ ਮੁਕੰਮਲ ਕਰ ਲਿਆ ਜਾਵੇ ।
ਇਸ ਦੇ ਨਾਲ ਹੀ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਰੋਜ਼ਾਨਾ ਵੇਚੀ ਗਈ ਮਸ਼ੀਨਰੀ ਦੀ ਰਿਪੋਰਟ ਮੁੱਖ ਖੇਤੀਬਾੜੀ ਦਫ਼ਤਰ ਨੂੰ ਭੇਜੀ ਜਾਵੇ ਤਾਂ ਜੋ ਇਸਦਾ ਰੋਜ਼ਾਨਾ ਮੁਲਾਂਕਣ ਕੀਤਾ ਜਾ ਸਕੇ ਅਤੇ ਰਿਪੋਰਟ ਡਾਇਰੈਕਟਰ ਖੇਤੀਬਾੜੀ ਪੰਜਾਬ ਦੇ ਪੋਰਟਲ ਤੇ ਅਪਲੋਡ ਕੀਤੀ ਜਾ ਸਕੇ ।

Spread the love