ਡਿਪਟੀ ਕਮਿਸ਼ਨਰ ਵੱਲੋਂ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਦਾ ਦੌਰਾ

ਅਧਿਕਾਰੀਆਂ ਨੂੰ ਸਟੇਡੀਅਮ ਦੀ ਸਫਾਈ ਤੇ ਡਰੇਨੇਜ ਦੇ ਪੁਖਤਾ ਪ੍ਰਬੰਧਾਂ ਦੀ ਹਦਾਇਤ
ਟਰੈਕ ਦੀ ਮੁਰੰਮਤ ਅਤੇ ਬਾਸਕਿਟਬਾਲ ਮੈਦਾਨ ਦੀ ਜਲਦ ਤਿਆਰੀ ਲਈ ਆਖਿਆ
ਪੁਲੀਸ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਪੁਲੀਸ ਭਰਤੀ ਲਈ ਦਿੱਤੀ ਜਾਵੇਗੀ ਸਿਖਲਾਈ
ਬਰਨਾਲਾ, 8 ਜੁਲਾਈ 2021
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅੱਜ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਦਾ ਦੌਰਾ ਕੀਤਾ ਗਿਆ ਅਤੇ ਖੇਡ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਸਟੇਡੀਅਮ ਦੀ ਨੁਹਾਰ ਬਦਲਣ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਟੇਡੀਅਮ ਦੀ ਫੌਰੀ ਸਫਾਈ ਕਰਵਾਉਣ ਦੀ ਹਦਾਇਤ ਕੀਤੀ। ਉਨਾਂ ਖੇਡ ਅਧਿਕਾਰੀਆਂ ਨੂੰ ਆਖਿਆ ਕਿ ਪੰਚਾਇਤੀ ਰਾਜ ਵਿਭਾਗ ਨਾਲ ਰਾਬਤਾ ਬਣਾ ਕੇ ਸਟੇਡੀਅਮ ਦੀ ਜਲਦ ਸਫਾਈ ਕਰਵਾਈ ਜਾਵੇ। ਸਟੇਡੀਅਮ ਵਿਖੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਉਨਾਂ ਮੰਡੀ ਬੋਰਡ ਨੂੰ ਡਰੇਨੇਜ ਦੇ ਪੁਖਤਾ ਪ੍ਰਬੰਧਾਂ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨਾਂ ਟਰੈਕ ਦੀ ਮੁਰੰਮਤ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ, ਜਿਸ ਸਬੰਧੀ ਜ਼ਿਲਾ ਖੇਡ ਅਫਸਰ ਨੇ ਦੱਸਿਆ ਕਿ ਟਰੈਕ ਅਤੇ ਖੇਡ ਦੇ ਮੈਦਾਨਾਂ ਸਬੰਧੀ ਐਸਟੀਮੇਟ ਭੇਜੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟੇਡੀਅਮ ਵਿਚ ਬਾਸਕਿਟਬਾਲ ਤੇ ਹੋਰ ਮੈਦਾਨ ਜਲਦੀ ਹੀ ਤਿਆਰ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਟੇਡੀਅਮ ਵਿਚ ਖੇਡ ਵਿਭਾਗ ਤੇ ਪੁਲੀਸ ਦੇ ਸਹਿਯੋਗ ਨਾਲ ਪੁਲੀਸ ਭਰਤੀ ਸਬੰਧੀ ਨੌਜਵਾਨਾਂ ਲਈ ਸਿਖਲਾਈ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ, ਜਿਸ ਵਿਚ 1600 ਮੀਟਰ ਦੌੜ, ਲੰਬੀ ਛਾਲ, ਉਚੀ ਛਾਲ ਆਦਿ ਦੀ ਸਿਖਲਾਈ ਸ਼ਾਮਲ ਹੋਵੇਗੀ।
ਉਨਾਂ ਖੇਡ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਖਿਆ ਕਿ ਬਰਨਾਲਾ ਦੇ ਇਸ ਅਹਿਮ ਖੇਡ ਸਟੇਡੀਅਮ ਦੇ ਰੱਖ-ਰਖਾਅ ’ਤੇ ਪੂਰਾ ਧਿਆਨ ਦਿੱਤਾ ਜਾਵੇ ਤਾਂ ਜੋ ਨੌਜਵਾਨ ਇਸ ਸਟੇਡੀਅਮ ਦਾ ਪੂਰਾ ਲਾਹਾ ਲੈ ਸਕਣ।
ਇਸ ਮੌਕੇ ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ, ਖੇਡ ਕੋਚ ਜਸਪ੍ਰੀਤ ਸਿੰਘ, ਗੁਰਵਿੰਦਰ ਕੌਰ, ਮੱੱਲਪ੍ਰੀਤ ਸਿੰਘ, ਬਰਿੰਦਰਜੀਤ ਕੌਰ (ਸਾਰੇ ਕੋਚ), ਸਾਹਿਲ ਕੁਮਾਰ ਤੇ ਹੋਰ ਹਾਜ਼ਰ ਸਨ।

Spread the love