*ਪਿੰਡ ਪੱਧਰ ’ਤੇ ਹਰੇਕ ਤਿੰਨ ਮਹੀਨੇ ਬਾਅਦ ਹੋਵੇਗੀ ਪੈਨਸ਼ਨਰਾਂ ਦੀ ਪੜਤਾਲ
ਨਵਾਂਸ਼ਹਿਰ, 19 ਮਈ , 2021:
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਜ਼ਿਲੇ ਵਿਚ ਬੁਢਾਪਾ ਪੈਨਸ਼ਨ ਅਤੇ ਹੋਰ ਸਕੀਮਾਂ ਅਧੀਨ ਮੌਜੂਦਾ ਲਾਭਪਾਤਰੀਆਂ ਦੀ ਪੜਤਾਲ ਕਰਵਾਏ ਜਾਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਐਲ. ਡੀ. ਐਮ ਤੋਂ ਇਲਾਵਾ ਜ਼ਿਲੇ ਦੇ ਸਮੂਹ ਸੀ. ਡੀ. ਪੀ. ਓਜ਼ ਸ਼ਾਮਲ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਾਭਪਾਤਰੀਆਂ ਦੀ ਪੜਤਾਲ ਸਬੰਧੀ ਤਿੰਨ-ਤਿੰਨ ਮੈਂਬਰੀ ਕਮੇਟੀਆਂ, ਜਿਨਾਂ ਵਿਚ ਆਂਗਣਵਾੜੀ ਵਰਕਰ, ਆਸ਼ਾ ਵਰਕਰ ਅਤੇ ਪਟਵਾਰੀ ਸ਼ਾਮਲ ਹੋਣਗੇ, ਵੱਲੋਂ ਪਿੰਡ ਪੱਧਰ ’ਤੇ ਹਰੇਕ ਤਿੰਨ ਮਹੀਨੇ ਬਾਅਦ ਪੈਨਸ਼ਨਰਾਂ ਦੀ ਪੜਤਾਲ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਪੜਤਾਲ ਦੇ ਆਧਾਰ ’ਤੇ ਪਿੰਡ ਛੱਡ ਚੁੱਕੇ ਪੈਨਸ਼ਨਰਾਂ ਅਤੇ ਪੈਨਸ਼ਨਰਾਂ ਦੀ ਮੌਤ ਸਬੰਧੀ ਡਾਟਾ ਇਕੱਤਰ ਕੀਤਾ ਜਾਵੇਗਾ। ਕਮੇਟੀਆਂ ਵੱਲੋਂ ਇਹ ਸਾਰੀ ਰਿਪੋਰਟ ਸੀ. ਡੀ. ਪੀ. ਓ ਦਫ਼ਤਰਾਂ ਰਾਹੀਂ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਕਾਰਵਾਈ ਲਈ ਭੇਜੀ ਜਾਵੇਗੀ। ਉਨਾਂ ਸਮੂਹ ਸੀ. ਡੀ. ਪੀ. ਓ ਦਫ਼ਤਰਾਂ ਨੂੰ ਆਪਣੇ ਫੀਲਡ ਸਟਾਫ ਰਾਹੀਂ ਇਸ ਸਬੰਧੀ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਦਿੱਤੇ ਅਤੇ ਲੀਡ ਬੈਂਕ ਮੈਨੇਜਰ ਨੂੰ ਵੀ ਆਦੇਸ਼ ਦਿੱਤੇ ਕਿ ਸਰਕਾਰ ਦੀ ਪਾਲਿਸੀ ਅਨੁਸਾਰ ਬੈਂਕਾਂ ਤੋਂ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਵੇ।
ਇਸ ਸਬੰਧੀ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀ ਮੌਜੂਦਾ ਪਾਲਿਸੀ ਅਨੁਸਾਰ ਜ਼ਿਲਾਂ ਪੈਨਸ਼ਨਰਾਂ ਵੱਲੋਂ 3 ਮਹੀਨੇ ਤੱਕ ਆਪਣੇ ਬੈਂਕ ਖਾਤੇ ਵਿਚੋਂ ਪੈਨਸ਼ਨ ਡਰਾਅ ਨਹੀਂ ਕੀਤੀ ਜਾਂਦੀ, ਉਨਾਂ ਦੀ ਪੈਨਸ਼ਨ ਦੀ ਰਕਮ ਬੈਂਕ ਵੱਲੋਂ ਆਪਣੀ ਜਿੰਮੇਵਾਰੀ ਨਾਲ ਦਫ਼ਤਰ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਵਾਪਸ ਭੇਜੀ ਜਾਵੇਗੀ। ਉਨਾਂ ਦੱਸਿਆ ਕਿ ਅਜਿਹੇ ਪੈਨਸ਼ਨਰਾਂ ਵੱਲੋਂ ਦਫ਼ਤਰ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਵਿਖੇ ਪੇਸ਼ ਹੋਣ ’ਤੇ ਯੋਗ ਕਾਰਨਾਂ ਦੇ ਆਧਾਰ ’ਤੇ ਮੁੜ ਪੈਨਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ।