ਡਿਪਟੀ ਕਮਿਸ਼ਨਰ ਵੱਲੋਂ ਰਾਸ਼ਟਰੀ ਸਕੂਲ ਸਰਵੇਖਣ ‘ਚ ਸਰਕਾਰੀ ਸਕੂਲਾਂ ਦੀ ਪ੍ਰਾਪਤੀ ਬਾਰੇ ਸਟਿੱਕਰ ਜਾਰੀ

ਬਰਨਾਲਾ,5 ਜੁਲਾਈ 2021
ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਅਧਿਕਾਰੀਆਂ ਦੀ ਰਹਿਨੁਮਾਈ ਅਤੇ ਅਗਵਾਈ ਹੇਠ ਸਰਕਾਰ ਅਤੇ ਸਮਾਜ ਦੇ ਸਹਿਯੋਗ ਨਾਲ ਕੀਤੇ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਤਕਨੀਕਾਂ ਪੱਖੋਂ ਨੁਹਾਰ ਤਬਦੀਲੀ ਦੇ ਯਤਨਾਂ ਦੀ ਬਦੌਲਤ ਸੂਬੇ ਦੇ ਸਰਕਾਰੀ ਸਕੂਲ ਰਾਸ਼ਟਰੀ ਸਕੂਲ ਸਿੱਖਿਆ ਸਰਵੇਖਣ ਦਰਜਾਬੰਦੀ ਦੇ ਪੈਰਾਮੀਟਰਾਂ ਅਨੁਸਾਰ ਦੇਸ਼ ਭਰ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਿੱਚ ਕਾਮਯਾਬ ਹੋਏ ਹਨ।
ਸਰਕਾਰੀ ਸਕੂਲਾਂ ਦੀ ਇਸ ਪ੍ਰਾਪਤੀ ਬਾਰੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਜਾਗਰੂਕਤਾ ਮੁਹਿੰਮ ਅਧੀਨ ਤਿਆਰ ਸਟਿੱਕਰ ਡਿਪਟੀ ਕਮਿਸ਼ਨਰ ਸ੍ਰ੍. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਕੀਤਾ ਗਿਆ। ਸਕੂਲ ਸਿੱਖਿਆ ਬਾਰੇ ਰਾਸ਼ਟਰੀ ਪੱਧਰ ਦੇ ਪ੍ਰਫਾਰਮੈਂਸ ਗਰੇਡਿੰਗ ਇੰਡੈਕਸ ਵਿੱਚੋਂ ਸਰਕਾਰੀ ਸਕੂਲਾਂ ਵੱਲੋਂ ਪ੍ਰਾਪਤ ਕੀਤੀ ਪਹਿਲੀ ਪੁਜੀਸ਼ਨ ਬਾਰੇ ਬੋਲਦਿਆਂ ਸ੍ਰ. ਫੂਲਕਾ ਨੇ ਕਿਹਾ ਕਿ ਇਹ ਪ੍ਰਾਪਤੀ ਸੂਬੇ ਦੇ ਸਰਕਾਰੀ ਸਕੂਲਾਂ ‘ਚ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਤਕਨੀਕਾਂ ਪੱਖੋਂ ਆਈ ਕ੍ਰਾਂਤੀਕਾਰੀ ਤਬਦੀਲੀ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਮੁਖੀਆਂ ਅਤੇ ਅਧਿਆਪਕਾਂ ਸਮੇਤ ਵਿਦਿਆਰਥੀਆਂ ਦੀ ਮਿਹਨਤ ਅਤੇ ਸਮਾਜ ਦੇ ਸਹਿਯੋਗ ਨੂੰ ਜਾਂਦਾ ਹੈ। ਸਰਕਾਰੀ ਸਕੂਲਾਂ ਵੱਲੋਂ ਕੀਤੀ ਇਸ ਮਾਣਮੱਤੀ ਪ੍ਰਾਪਤੀ ਬਾਰੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਮਾਜ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ।
ਸ.ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ, ਸ਼੍ਰੀਮਤੀ ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ਼੍ਰੀਮਤੀ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਕੀਤੀ ਇਸ ਪਹਿਲੀ ਪੁਜੀਸ਼ਨ ਦੀ ਪ੍ਰਾਪਤੀ ਨੂੰ ਨਾ ਕੇਵਲ ਬਰਕਰਾਰ ਰੱਖਿਆ ਜਾਵੇਗਾ ਸਗੋਂ ਰਹਿੰਦੀਆਂ ਜ਼ਰੂਰਤਾਂ ਦੀ ਕਮੀ ਪੂਰੀ ਕਰਕੇ ਸਰਵੇਖਣ ਦੌਰਾਨ ਸੂਬੇ ਦੇ ਅੰਕਾਂ ਦੀ ਪ੍ਰਾਪਤੀ ਵਿੱਚ ਹੋਰ ਵੀ ਇਜ਼ਾਫਾ ਕੀਤਾ ਜਾਵੇਗਾ। ਸਿੱਖਿਆ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪੋ- ਆਪਣੇ ਬੱਚਿਆਂ ਨੂੰ ਵਿਭਾਗ ਵੱਲੋਂ ਵੱਖ-ਵੱਖ ਮਾਧਿਅਮਾਂ ਜਰੀਏ ਮੁਹੱਈਆ ਕਰਵਾਈ ਜਾ ਰਹੀ ਆਨਲਾਈਨ ਸਿੱਖਿਆ ਨਾਲ ਵੱਧ ਤੋਂ ਵੱਧ ਜੁੜਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਮਨਪਾਲ ਸਿੰਘ ਐਲ.ਏ, ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਮੀਡੀਆ ਕੋ-ਆਰਡੀਨੇਟਰ, ਮਨਜੀਤ ਕੌਰ ਸਟੈਨੋ ਅਤੇ ਮਨਜੀਤ ਕੌਰ ਮਨੂੰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਸਟਿੱਕਰ ਜਾਰੀ ਕਰਦੇ ਹੋਏ।

Spread the love