ਫਾਜ਼ਿਲਕਾ, 4 ਸਤੰਬਰ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਿਖੇ ਹੋਰ ਸੁਧਾਰ ਲਿਆਉਣ ਲਈ ਅਧਿਕਾਰੀਆਂ ਅਤੇ ਸੋਸਾਇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਰੈਡ ਕਰਾਸ ਸੋਸਾਇਟੀ ਲੋੜਵੰਦ ਲੋਕਾਂ ਦੀ ਭਲਾਈ ਲਈ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈਡ ਕਰਾਸ ਸੋਸਾਇਟੀ ਵਿਖੇ ਵੱਖ-ਵੱਖ ਟੈਸਟਾਂ ਦੀ ਤਿਆਰੀ ਕਰਨ ਅਤੇ ਕਿਤਾਬਾਂ ਪੜ੍ਹਨ ਲਈ ਸਥਾਪਿਤ ਕੀਤੀ ਲਾਇਬ੍ਰੇਰੀ ਵਿਖੇ ਲੋੜੀਂਦੇ ਪ੍ਰਬੰਧਾਂ ਨੂੰ ਮੁਕੰਮਲ ਕੀਤਾ ਜਾਵੇ ਤਾਂ ਜ਼ੋ ਬਚਿਆਂ ਨੂੰ ਬਿਜਲੀ ਆਦਿ ਸਬੰਧੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਸਕੱਤਰ ਰੈਡ ਕਰਾਸ ਸੋਸਾਇਟੀ ਨੂੰ ਕਿਹਾ ਕਿ ਰੈਡ ਕਰਾਸ ਸੋਸਾਇਟੀ ਦੀ ਐਂਬੂਲੈਂਸ ਨੂੰ ਮਰੀਜਾਂ ਨੂੰ ਆਉਣ-ਜਾਉਣ ਲਈ ਵੱਧ ਤੋਂ ਵੱਧ ਵਰਤੋਂ ਵਿਚ ਲਿਆਂਦਾ ਜਾਵੇ।ਇਸ ਤੋਂ ਇਲਾਵਾ ਰੈਡ ਕਰਾਸ ਦਫਤਰ ਵਿਖੇ ਹੋਰ ਬੁਨਿਆਦੀ ਸਹੂਲਤਾਂ ਨੂੰ ਮੁਕੰਮਲ ਕੀਤਾ ਜਾਵੇ।
ਬੈਠਕ ਦੌਰਾਨ ਉਨ੍ਹਾਂ ਅਧਿਕਾਰੀਆਂ ਅਤੇ ਕਾਰਜਕਾਰੀ ਮੈਬਰਾਂ ਨੂੰ ਕਿਹਾ ਕਿ ਸਪੈਸ਼ਲ ਬਚਿਆਂ ਲਈ ਚਲਾਏ ਜਾ ਰਹੇ ਪ੍ਰਯਾਸ ਸਕੂਲ ਆਲਮਗੜ (ਅਬੋਹਰ) ਵਿਖੇ ਜਾ ਕੇ ਵਿਜ਼ਿਟ ਕੀਤੀ ਜਾਵੇ ਤਾਂ ਜ਼ੋ ਸਕੂਲ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਅਤੇ ਸਪੈਸ਼ਲ ਬਚਿਆਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਈ ਜਾ ਸਕਣ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਕੰਵਰਜੀਤ ਸਿੰਘ, ਸਕੱਤਰ ਰੈਡ ਕਰਾਸ ਸੋਸਾਇਟੀ ਸ੍ਰੀ ਵਿਜੈ ਸੇਤੀਆ, ਡਾ. ਕਵਿਤਾ, ਸ੍ਰੀ ਵਿਜੈ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।