ਡਿਪਟੀ ਕਮਿਸ਼ਨਰ ਵੱਲੋਂ ਸੰਘੇੜਾ ਕਾਲਜ ’ਚ ਲੱਗੇ ਰੋਜ਼ਗਾਰ ਮੇਲੇ ਦਾ ਦੌਰਾ

ਡਿਪਟੀ ਕਮਿਸ਼ਨਰ ਵੱਲੋਂ ਸੰਘੇੜਾ ਕਾਲਜ ’ਚ ਲੱਗੇ ਰੋਜ਼ਗਾਰ ਮੇਲੇ ਦਾ ਦੌਰਾ

*ਨੌਜਵਾਨਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਦੀ ਕੀਤੀ ਸ਼ਲਾਘਾ
*ਉਮੀਦਵਾਰਾਂ ਨੂੰ ਰੋਜ਼ਗਾਰ ਬਿਓਰੋ ’ਚ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਾਉਣ ਦਾ ਸੱਦਾ
ਬਰਨਾਲਾ, 30 ਸਤੰਬਰ
ਪੰਜਾਬ ਸਰਕਾਰ ਦੇ ‘ਘਰ ਘਰ ਰੋਜ਼ਗਾਰ’ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਦੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿੱਚ ਲੱਗੇ ਰੋਜ਼ਗਾਰ ਮੇਲੇ ’ਚ ਦੂਜੇ ਦਿਨ ਵੀ ਵੱੱਡੀ ਗਿਣਤੀ ਨੌਜਵਾਨ ਪੁੱਜੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਨੇ ਲਗਾਤਾਰ ਦੂਜੇ ਦਿਨ ਰੋਜ਼ਗਾਰ ਮੇਲੇ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਨੌਕਰੀ ਮੇਲੇ ਵਿੱਚ ਪੁੱਜੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਰੋਜ਼ਗਾਰ ਬਿਓਰੋ ਵੱੱਲੋਂ ਸਮੇਂ ਸਮੇਂ ’ਤੇ ਲਾਏ ਜਾ ਰਹੇ ਨੌਕਰੀ ਮੇਲਿਆਂ, ਪਲੇਸਮੈਂਟ ਕੈਂਪਾਂ ਅਤੇ ਕਰੀਅਰ ਕਾਊਂਸਲਿੰਗ ਸੈਸ਼ਨਾਂ ਦੀ ਜਾਣਕਾਰੀ ਉਨ੍ਹਾਂ ਤੱਕ ਪੁੱੱਜ ਸਕੇ।
ਇਸ ਮੌਕੇ ਉਨ੍ਹਾਂ ਨੌਕਰੀ ਮੇਲੇ ਵਿੱਚ ਪੁੱਜੀਆਂ ਕੰਪਨੀਆਂ ਦੇ ਨੁੰਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਨੌਜਵਾਨਾਂ ਦੀ ਨੌਕਰੀਆਂ ਲਈ ਕੀਤੀ ਜਾ ਰਹੀ ਚੋਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨਾਂ ਲਈ ਇਸ ਮੇਲੇ ਦੌਰਾਨ ਸਾਢੇ ਤਿੰਨ ਹਜ਼ਾਰ ਤੋਂ ਵੱਧ ਅਸਾਮੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਲੋੜਵੰਦ ਅਤੇ ਯੋਗ ਉਮੀਦਵਾਰ ਰੋਜ਼ਗਾਰ ਪਾ ਸਕਣ। ਉਨ੍ਹਾਂ ਆਖਿਆ ਕਿ ਇਸ ਮੇਲੇ ਦੌਰਾਨ ਜਿੱਥੇ ਕੋਵਿਡ ਸਾਵਧਾਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਬੰਧ ਕੀਤੇ ਗਏ ਹਨ, ਉਥੇ ਨੌਜਵਾਨ ਵੀ ਮਾਸਕ ਪਾਉਣ, ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਜਿਹੀਆਂ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਣ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ‘ਘਰ ਘਰ ਰੋਜ਼ਗਾਰ’ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਰਾਹੀਂ ਲਗਾਏ ਇਸ ਮੇਲੇ ਵਿਚ 30 ਤੋਂ ਵੱਧ ਕੰਪਨੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵੱਲੋਂ ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ ਹੈ।

Spread the love