ਫਾਜ਼ਿਲਕਾ 17 ਸਤੰਬਰ 2024
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਅੱਜ ਇੱਥੇ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਉਨਾਂ ਨੇ ਆਖਿਆ ਕਿ ਝੋਨੇ ਦੀ ਸੁਚਾਰੂ ਖਰੀਦ ਲਈ ਸਾਰੇ ਢੁਕਵੇਂ ਪ੍ਰਬੰਧ ਅਗੇਤੇ ਤੌਰ ਤੇ ਕਰ ਲਏ ਜਾਣ। ਉਹਨਾਂ ਨੇ ਕਿਹਾ ਕਿ ਝੋਨੇ ਦੇ ਮੰਡੀਕਰਨ ਮੌਕੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਿਲਾ ਮੰਡੀ ਅਫਸਰ ਨੂੰ ਮੰਡੀਆਂ ਵਿੱਚ ਸਾਫ ਸਫਾਈ, ਛਾਂ, ਪੀਣ ਦੇ ਪਾਣੀ ਅਤੇ ਰੌਸ਼ਨੀ ਦੇ ਉਚਿਤ ਪ੍ਰਬੰਧ ਸਮਾਂ ਰਹਿੰਦੇ ਕਰਨ ਦੀ ਹਦਾਇਤ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਮੰਡੀਆਂ ਵਿੱਚ ਤਰਪਾਲਾਂ ਦੀ ਵਿਵਸਥਾ ਵੀ ਹੋਵੇ ਤਾਂ ਜੋ ਮੀਂਹ ਕਾਰਨ ਫਸਲ ਭਿੱਜਣ ਤੋਂ ਬਚਾਈ ਜਾ ਸਕੇ। ਉਹਨਾਂ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿੱਚ 57 ਖਰੀਦ ਕੇਂਦਰ ਸਥਾਪਿਤ ਕੀਤੇ ਜਾਣਗੇ। ਪਿਛਲੇ ਸਾਲ ਸਰਕਾਰੀ ਖਰੀਦ ਏਜੰਸੀਆਂ ਨੇ 1 ਲੱਖ 59 ਹਜਾਰ ਮਿਟ੍ਰਿ਼ਕ ਟਨ ਝੋਨੇ ਦੀ ਖਰੀਦ ਕੀਤੀ ਸੀ। ਜਦ ਕਿ ਖੇਤੀਬਾੜੀ ਵਿਭਾਗ ਦੇ ਅਨੁਮਾਨਾਂ ਅਨੁਸਾਰ ਇਸ ਵਾਰ ਝੋਨੇ ਦੀ ਆਮਦ ਵਿੱਚ ਥੋੜਾ ਵਾਧਾ ਹੋਣ ਦੀ ਉਮੀਦ ਹੈ।
ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਸ ਵਾਰ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 2320 ਰੁਪਏ ਪ੍ਰਤੀ ਕੁਇੰਟਲ ਹੈ। ਉਹਨਾਂ ਨੇ ਮੰਡੀ ਬੋਰਡ ਅਤੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਨਿਯਮਾਂ ਅਨੁਸਾਰ ਦੂਜੇ ਰਾਜਿਆਂ ਤੋਂ ਆਉਣ ਵਾਲੇ ਝੋਨੇ ਨੂੰ ਰੋਕਿਆ ਜਾਵੇ। ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ, ਐਸਪੀ ਸ੍ਰੀ ਰਮਨੀਸ਼ ਚੌਧਰੀ, ਡੀਐਸਪੀ ਬਲਕਾਰ ਸਿੰਘ, ਜ਼ਿਲਾ ਫੂਡ ਸਪਲਾਈ ਕੰਟਰੋਲਰ ਹਿਮਾਂਸ਼ੂ ਕੁੱਕੜ, ਜ਼ਿਲ੍ਹਾ ਮੰਡੀ ਅਫਸਰ ਸਲੋਦ ਬਿਸ਼ਨੋਈ, ਵਿਕਾਸ ਬੱਤਰਾ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।