ਡਿਪਟੀ ਕਮਿਸ਼ਨਰ ਵੱਲੋ ਪਿੰਡ ਆਲਮਪੁਰ ਵਿਖੇ ਸੁਪਰ ਸੀਡਰ ਮਸ਼ੀਨ ਨਾਲ ਕੀਤੀ ਜਾ ਰਹੀ ਕਣਕ ਦੀ ਬਿਜਾਈ ਦਾ ਨਿਰੀਖਣ ਕੀਤਾ

ਰੂਪਨਗਰ, 8 ਨਵੰਬਰ:
ਡਿਪਟੀ ਕਮਿਸ਼ਨਰ ਰੂਪਨਗਰ ਡਾ ਪ੍ਰੀਤੀ ਯਾਦਵ ਆਈ.ਏ.ਐਸ ਵੱਲੋਂ ਜ਼ਿਲ੍ਹੇ ਵਿੱਚ ਕਣਕ ਦੀ ਬਿਜਾਈ ਸੰਬੰਧੀ ਪਿੰਡ ਆਲਮਪੁਰ ਵਿਖੇ ਦੌਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਇਹ ਸਰਫ਼ੇਸ ਸੀਡਿੰਗ ਤਕਨੀਕ ਹੀ ਅਜਿਹੀ ਤਕਨੀਕ ਹੈ, ਜਿਸ ਨਾਲ ਕਣਕ ਦੀ ਬਿਜਾਈ, ਝੋਨੇ ਦੀ ਕਟਾਈ ਉਪਰੰਤ ਬਿਨਾਂ ਪਰਾਲੀ ਨੂੰ ਅੱਗ ਲਗਾਇਆਂ, ਬਿਨਾਂ ਦੇਰੀ ਕੀਤਿਆਂ, ਘੱਟ ਖਰਚ ਕਰਕੇ ਅਤੇ ਬਗੈਰ ਵੱਡੀ ਮਸ਼ੀਨਰੀ ਦੀ ਵਰਤੋਂ ਕੀਤਿਆਂ ਕੀਤੀ ਜਾ ਸਕਦੀ ਹੈ ਤਾਂ ਜੋ ਕਿਸਾਨ ਝੋਨੇ ਦੀ ਕਟਾਈ ਉਪਰੰਤ ਕਾਹਲੀ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਤਕਨੀਕ ਦੀ ਵਰਤੋਂ ਕਰਦਿਆ ਕਣਕ ਦੀ ਬਿਜਾਈ ਪਰਾਲੀ ਨੂੰ ਅੱਗ ਲਗਾਏ ਬਗੈਰ ਸਮੇਂ ਸਿਰ ਕਰ ਸਕਣ।
ਇਸ ਮੌਕੇ ਕਿਸਾਨ ਤੇਜਵੀਰ ਸਿੰਘ ਨੇ ਦੱਸਿਆ ਗਿਆ ਕਿ ਉਸ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋਂ ਸਬਸਿਡੀ ਤੇ ਸੁਪਰ ਸੀਡਰ ਮਸ਼ੀਨ ਦਿੱਤਾ ਗਿਆ ਹੈ ਤੇ ਹੁਣ ਤੱਕ ਉਸ ਵੱਲੋਂ 80 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਸੁਪਰ ਸੀਡਰ ਦੀ ਮੱਦਦ ਨਾਲ ਕੀਤੀ ਗਈ ਹੈ।
ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸੀ.ਆਰ.ਐਮ ਸਕੀਮ ਅਧੀਨ ਸਬਸਿਡੀ ਉੱਤੇ ਖਰੀਦ ਹੋਈ ਮਸ਼ੀਨਰੀ ਦੇ ਮਾਲਕਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਖੇਤਾਂ ਵਿੱਚ ਹੀ ਪਰਾਲੀ ਨੂੰ ਮਿਲਾ ਕੇ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਉੱਤੇ ਹਾਜ਼ਰ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਉਨਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾ ਕੇ ਹੀ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕੀਤੀ ਜਾ ਰਹੀ ਹੈ ਜਿਸ ਨਾਲ ਉਹਨਾਂ ਦੀ ਫਸਲ ਦਾ ਝਾੜ ਚੰਗਾ ਨਿਕਲਦਾ ਹੈ ਅਤੇ ਕੋਈ ਸੁੰਡੀ ਅਤੇ ਚੂਹੇ ਆਦਿ ਦਾ ਕੋਈ ਨੁਕਸਾਨ ਨਹੀ ਹੁੰਦਾ।
ਇਸ ਮੌਕੇ ਖੇਤੀਬਾੜੀ ਅਫਸਰ ਪੀ.ਪੀ. ਰਣਜੋਧ ਸਿੰਘ, ਖੇਤੀਬਾੜੀ ਅਫਸਰ ਬੀਜ ਰਮਨ ਕਰੋੜੀਆ, ਖੇਤੀਬਾੜੀ ਇੰਜਨੀਅਰ ਜੁਝਾਰ ਸਿੰਘ ਅਤੇ ਕਿਸਾਨ ਹਾਜ਼ਰ ਸਨ।