ਡਿਪੂਆਂ ਤੇ ਵੰਡੀ ਜਾਣ ਵਾਲੀ ਕਣਕ ਦੇ ਤੋਲ ਲਈ ਸਬੰਧਤ ਅਧਿਕਾਰੀ ਹੋਵੇਗਾ ਜਿੰਮੇਵਾਰ-ਸੋਨੀ

ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਹੋਵੇ
ਮੀਟਿੰਗ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਤੇ ਕੀਤੀ ਜਾਵੇਗੀ ਅਨੁਸਾਸ਼ਨੀ ਕਾਰਵਾਈ
ਜਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਹੋਈ ਮੀਟਿੰਗ
ਅੰਮਿ੍ਰਤਸਰ 9 ਜੁਲਾਈ 2021 ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਕੀਤੀ ਮੀਟਿੰਗ ਵਿੱਚ ਜਿਲਾ ਖੁਰਾਕ ਦੇ ਸਿਵਲ ਸਪਲਾਈ ਵਿਭਾਗ ਵਿਰੁੱਧ ਪ੍ਰਾਪਤ ਹੋਈਆਂ ਸਿਕਾਇਤਾਂ ਤੇ ਸਖਤ ਰੁਖ ਅਪਨਾਉਂਦੇ ਹੋਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੁਝ ਡਿਪੂ ਹੋਲਡਰਾਂ ਵੱਲੋਂ ਲੋੜਵੰਦਾਂ ਨੂੰ ਘੱਟ ਗਿਣਤੀ ਵਿੱਚ ਕਣਕ ਸਪਲਾਈ ਕੀਤੀ ਜਾ ਰਹੀ ਹੈ ਤੇ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਹੋਵੇ। ਉਨਾਂ ਕਿਹਾ ਕਿ ਡਿਪੂਆਂ ਵਿਚ ਵੰਡੀ ਜਾਣ ਵਾਲੀ ਕਣਕ ਦੇ ਤੋਲ ਵਿਚ ਜੇਕਰ ਕੋਈ ਕਮੀ ਪਾਈ ਗਈ ਤਾਂ ਸਬੰਧਤ ਅਧਿਕਾਰੀ ਜਿੇਮਵਾਰ ਹੋਵੇਗਾ ਅਤੇ ਉਸ ਡਿਪੂ ਨੂੰ ਵੀ ਤੁਰੰਤ ਰੱਦ ਕੀਤਾ ਜਾਵੇਗਾ।
ਜਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਸੋਨੀ ਨੇ ਜਿਲਾ ਅਧਿਕਾਰੀਆਂ, ਡਾਕਟਰੀ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਇੰਨਾਂ ਵਲੋ 24 ਘੰਟੇ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਹਨ, ਜਿਸ ਕਰਕੇ ਸ਼ਹਿਰਵਾਸੀ ਇਸ ਭਿਆਨਕ ਮਹਾਂਮਾਰੀ ਤੋ ਬੱਚ ਸਕੇ । ਮੀਟਿੰਗ ਦੌਰਾਨ ਜਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਵੱਲੋਂ ਵੱਖ ਵੱਖ ਵਿਭਾਗਾਂ ਦੀਆਂ ਸ਼ਿਕਾਇਤਾਂ ਧਿਆਨ ਵਿੱਚ ਲਿਆਂਦੀਆਂ ਗਈਆਂ ਜਿਸ ਦਾ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਨਿਪਟਾਰਾ ਕੀਤਾ ਗਿਆ। ਸ੍ਰੀ ਸੋਨੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਿਕਾਇਤਾਂ ਦਾ ਨਿਪਟਾਰਾ ਸਮਾਂਬੱਧ ਢੰਗ ਨਾਲ ਕੀਤਾ ਜਾਵੇ।
ਸ੍ਰੀ ਸੋਨੀ ਨੇ ਉਥੇ ਸਖ਼ਤ ਲਫ਼ਜਾਂ ਵਿੱਚ ਸਪਸ਼ਟ ਕੀਤਾ ਕਿ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਜਿਲਾ ਅਧਿਕਾਰੀ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਇਹ ਮੀਟਿੰਗ ਕਾਫੀ ਦੇਰੀ ਨਾਲ ਹੋਈ ਹੈ ਅਤੇ ਅਗਲੀ ਮੀਟਿੰਗ 15 ਦਿਨ ਬਾਅਦ ਹੋਵੇਗੀ,ਜਿਸ ਵਿਚ ਮੈਬਰਾਂ ਵਲੋ ਕੀਤੀਆਂ ਗਈਆਂ ਸ਼ਕਾਇਤਾਂ ਸਬੰਧੀ ਕੀਤੀ ਗਈ ਕਾਰਵਾਈ ਸਬੰਧੀ ਹਰੇਕ ਅਧਿਕਾਰੀ ਤੋ ਰਿਪੋਰਟ ਲਈ ਜਾਵੇਗੀ।
ਇਸ ਮੌਕੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ 75 ਦੇ ਕਰੀਬਸ਼ਿਕਾਇਤਾਂ ਪ੍ਰਾਪਤ ਹੋਈਆਂ ਜਿੰਨਾਂ ਵਿੱਚ 58 ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕਰ ਦਿੱਤਾ ਗਿਆ ਅਤੇ ਬਾਕੀ ਸ਼ਿਕਾਇਤਾਂ ਨੂੰ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਉਨਾਂ ਦੱਸਿਆ ਕਿ ਜਿਲਾ ਸਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਵੱਲੋਂ ਨਗਰ ਨਿਗਮ ਦੇ ਖਿਲਾਫ ਵੀ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਜਿੰਨਾਂ ਵਿੱਚ ਜਿਆਦਾ ਤੌਰ ਤੇ ਅਵਾਰਾ ਪਸ਼ੂਆਂ, ਟੈ੍ਰਫਿਕ ਲਾਈਟਾਂ ਅਤੇ ਸਫਾਈ ਵਿਵਸਥਾ ਨਾਲ ਸਬੰਧਤ ਸਨ। ਉਨਾਂ ਦੱਸਿਆ ਕਿ ਇਸ ਸਬੰਧੀ ਕਮਿਸ਼ਨਰ ਨਗਰ ਨਿਗਮ ਨੂੰ ਹਦਾਇਤ ਕੀਤੀ ਗਈ ਕਿ ਇਨਾਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਸ੍ਰੀ ਸੋਨੀ ਨੇ ਦੱਸਿਆ ਕਿ ਖਜਾਨਾ ਗੇਟ ਵਿਖੇ ਜੇ ਖੋਖੇ ਢਾਹ ਦਿੱਤੇ ਗਏ ਸਨ ਨੂੰ ਨਗਰ ਨਿਗਮ ਵੱਲੋਂ ਜਲਦੀ ਹੀ ਜਗਾ ਪ੍ਰਦਾਨ ਕਰ ਦਿੱਤੀ ਜਾਵੇਗੀ । ਉਨਾਂ ਕਿਹਾ ਕਿ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦਾ ਪਹਿਲਾਂ ਹੀ ਨਿਪਟਾਰਾ ਕਰ ਦਿੱਤਾ ਜਾਵੇ ਤਾਂ ਸ਼ਿਕਾਇਤ ਕਰਤਾ ਨੂੰ ਸ਼ਿਕਾਇਤ ਨਿਵਾਰਣ ਕਮੇਟੀ ਪਾਸ ਪਹੁੰਚ ਨਾ ਕਰਨੀ ਪਵੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਜਿਲਾ ਸ਼ਿਕਾਇਤ ਨਿਵਾਰਣ ਕਮੇਟੀ ਦਾ ਮੁੱਖ ਕੰਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਅਤੇ ਪ੍ਰਸਾਸ਼ਨ ਨੂੰ ਜਵਾਬਦੇਹ ਬਣਾਉਣਾ ਹੈ। ਉਨਾਂ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂਨੂੰ ਨਿਰਦੇਸ਼ ਦਿੱਤੇ ਕਿ ਕਿਸੇ ਵੀ ਵਿਅਕਤੀ ਦੀ ਸ਼ਿਕਾਇਤ ਪ੍ਰਾਪਤ ਹੋਣ ਤੇ ਸਮਾਂਬੱਧ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਲਦੀ ਤੋਂ ਜਲਦੀ ਉਸ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇ। ਉਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਪ੍ਰਸਾਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਗਿਆ ਹੈ।
ਮੀਟਿੰਗ ਵਿੱਚ ਵਿਧਾਇਕ ਸ੍ਰੀ ਸੁਨੀਲ ਦੱਤੀ, ਸ੍ਰ ਸੰਤੋਖ ਸਿੰਘ ਭਲਾਈਪੁਰ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ, ਕਮਿਸ਼ਨਰ ਨਗਰ ਨਿਗਮ ਸ੍ਰ ਮਲਵਿੰਦਰ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਣਬੀਰ ਸਿੰਘ ਮੁੱਧਲ, ਐਸ.ਡੀ.ਐਮ ਸ੍ਰੀ ਵਿਕਾਸ ਹੀਰਾ, ਐਸ:ਡੀ:ਐਮ ਬਾਬਾ ਬਕਾਲਾ ਸ੍ਰੀਮਤੀ ਸੁਮਿਤ ਮੁੱਧ, ਐਸ:ਡੀ:ਐਮ ਅਜਨਾਲਾ ਸ੍ਰੀ ਦੀਪਕ ਭਾਟੀਆ, ਐਸ.ਡੀ.ਐਮ. ਮਜੀਠਾ ਮੈਡਮ ਅਲਕਾ ਕਾਲੀਆ , ਅੰਮਿ੍ਰਤਸਰ ਸ਼ਹਿਰੀ ਕਾਂਗਰਸ ਪ੍ਰਧਾਨ ਮੈਡਮ ਜਤਿੰਦਰ ਸੋਨੀਆ‘, ਜਿਲਾ ਸਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਜ ਸ੍ਰੀ ਰਵਿੰਦਰ ਕੁਮਾਰ ਹੰਸ, ਡਾ: ਸੰਜੀਵ ਅਰੋੜਾ, ਕਾਮਰੇਡ ਲਖਬੀਰ ਸਿੰਘ, ਸ੍ਰ ਗਿਆਨ ਸਿੰਘ ਸੱਗੂ, ਸ੍ਰੀ ਹਰੀਦੇਵ ਸ਼ਰਮਾ, ਸ੍ਰ ਵਰਿੰਦਰਜੀਤ ਸਿੰਘ ਮਾਨ, ਸ੍ਰੀ ਤਾਰਾ ਚੰਦ ਭਗਤ, ਡਾ: ਰਾਮ ਚਾਵਲਾ, ਸ੍ਰੀ ਧਰਮਵੀਰ ਸਰੀਨ, ਸ੍ਰੀ ਸੁਰਿੰਦਰ ਸਿੰਘ ਛਿੰਦਾ, ਸ੍ਰੀ ਰਾਜੀਵ ਦੁੱਗਲ, ਕੁਲਦੀਪ ਸਿੰਘ, ਪੰਕਜ ਚੌਹਾਨ, ਸ੍ਰੀ ਪ੍ਰਭਦਿਆਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ
ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਤੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ।

Spread the love