ਗੁਰਦਾਸਪੁਰ 19 ਅਗਸਤ 2021 ਪੀ.ਜੀ.ਆਈ. ਸਰਵੇ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਜਿੱਥੇ ਪੂਰੇ ਭਾਰਤ ਦੇ ਰਾਜਾਂ ਵਿੱਚ ਅੱਵਲ ਰਿਹਾ ਹੈ , ਉੱਥੇ ਨੈਸ਼ਨਲ ਪ੍ਰਾਪਤੀ ਸਰਵੇਖਣ ਲਈ ਵੀ ਅਧਿਆਪਕਾਂ ਵੱਲੋਂ ਬੱਚਿਆਂ ਤੇ ਫੋਕਸ ਕਰਦੇ ਹੋਏ ਹਰ ਪੱਖੋਂ ਤਿਆਰੀ ਕਰਵਾਈ ਜਾ ਰਹੀ ਹੈ। ਇਸੇ ਸਬੰਧੀ ਜਿਲ੍ਹਾ ਸਿੱਖਿਆ ਅਫ਼ਸਰ ਐਲੀ: ਮਦਨ ਲਾਲ ਸ਼ਰਮਾ ਵੱਲੋਂ ਅੱਜ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਸਮੁੱਚੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇਖਣ ਸੰਬੰਧੀ ਸਾਰੇ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਦੀ ਟ੍ਰੇਨਿੰਗ ਲਗਾਈ ਜਾ ਚੁੱਕੀ ਹੈ ਅਤੇ ਸਕੂਲ ਪੱਧਰ ਤੇ ਅਧਿਆਪਕਾਂ ਵੱਲੋਂ ਯੋਜਨਾਬੰਦ ਤਰੀਕੇ ਨਾਲ ਤਿਆਰੀ ਕਰਵਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ਤੇ ਅਭਿਆਸ ਪ੍ਰਸ਼ਨਾਵਲੀ ਦੀਆਂ ਵਿਸ਼ਾਲ ਸ਼ੀਟਾ ਭੇਜੀਆਂ ਜਾ ਰਹੀਆਂ ਹਨ , ਜੋ ਕਿ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ।
ਇਸ ਦੌਰਾਨ ਡਿਪਟੀ ਡੀ.ਈ.ਓ. ਐਲੀ. ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਅਧਿਆਪਕਾਂ ਵੱਲੋਂ ਜੋ ਤਿਆਰੀ ਕਰਵਾਈ ਜਾ ਰਹੀ ਹੈ ਉਹ ਕਾਬਲੇ ਤਾਰੀਫ਼ ਹੈ। ਇਸ ਨੂੰ ਹੋਰ ਪਰਪੱਕ ਕਰਨ ਲਈ ਇਸ ਤਿਆਰੀ ਦਾ ਸਵੈ ਮੁਲੰਕਣ ਵੀ ਜ਼ਰੂਰੀ ਹੈ। ਇਸ ਲਈ ਹਰ ਸਕੂਲ ਦੇ ਹਰ ਬੱਚੇ ਤੱਕ ਸਾਕਾਰਤਮਕ ਪਹੁੰਚ ਕਰਕੇ ਉਸ ਦੀ ਤਿਆਰੀ ਕਰਵਾਈ ਜਾਵੇ ਅਤੇ ਸਟੇਟ ਵੱਲੋਂ ਭੇਜੀਆਂ ਸ਼ੀਟਾ ਦਾ ਹਰ ਬੱਚੇ ਦਾ ਅਭਿਆਸ ਸਮੇਂ ਸਿਰ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਬੱਚਾ ਕਿਸੇ ਗੱਲੋਂ ਪਿੱਛੇ ਨਾ ਰਹੇ। ਇਸ ਦੌਰਾਨ ਪ੍ਰਿੰਸੀਪਲ ਡਾਇਟ ਚਰਨਬੀਰ ਸਿੰਘ ਵੱਲੋਂ ਵੀ ਹਾਜ਼ਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਬੀ.ਪੀ.ਈ.ਓ. ਲਖਵਿੰਦਰ ਸਿੰਘ ਸੇਖੋਂ , ਬਲਵਿੰਦਰ ਸਿੰਘ , ਨਿਰਮਲ ਕੁਮਾਰੀ , ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਜਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਸੇਖੋਂ , ਸਹਾਇਕ ਕੋਆਰਡੀਨੇਟਰ ਵਿਕਾਸ ਸ਼ਰਮਾ , ਨਿਸਚਿੰਤ ਕੁਮਾਰ , ਬੀ.ਐਮ.ਟੀ. ਮਲਕੀਤ ਸਿੰਘ , ਦਲਜਿੰਦਰ ਸਿੰਘ ਸੰਧੂ , ਸੁਖਮਨਜੀਤ ਸਿੰਘ , ਰਾਮ ਸਿੰਘ ਆਦਿ ਹਾਜ਼ਰ ਸਨ।