ਪਟਿਆਲਾ 16 ਅਪ੍ਰੈਲ:
ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਹੱਲਾਸ਼ੇਰੀ ਨਾਲ ਚਲਾਈ ਜਾ ਰਹੀ ਜਿਲ੍ਹਾ ਪਟਿਆਲਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਦਾਖਲਾ ਮੁਹਿੰਮ ਦੀ ਕਮਾਂਡ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਸੰਭਾਲੀ ਹੋਈ ਹੈ ਅਤੇ ਉਹ ਇਸ ਮੁਹਿੰਮ ਨੂੰ ਬਹੁਤ ਯੋਜਨਾਬੱਧ ਤਰੀਕੇ ਨਾਲ ਚਲਾ ਰਹੇ ਹਨ। ਉਨ੍ਹਾਂ ਦੀ ਅਗਵਾਈ ‘ਚ ਜਿੱਥੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ, ਰੈਲੀਆਂ, ਨਾਟਕਾਂ, ਫਲੈਕਸਾਂ ਤੇ ਹੋਰਨਾਂ ਸਾਧਨਾਂ ਰਾਹੀਂ ਦਾਖਲਾ ਮੁਹਿੰਮ ਤੇਜ਼ ਕੀਤੀ ਹੋਈ ਹੈ, ਉੱਥੇ ਡੀ.ਈ.ਓ. ਇੰਜੀ. ਅਮਰਜੀਤ ਸਿੰਘ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਾਬਤਾ ਬਣ ਰਹੇ ਹਨ। ਜਿਸ ਤਹਿਤ ਉਹ ਜੀ.ਓ.ਜੀ. ਨਾਲ ਬੈਠਕ ਕਰ ਚੁੱਕੇ ਹਨ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ ਨਰੇਸ਼ ਕੁਮਾਰ ਨਾਲ ਆਗਨਵਾੜੀ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਉਣ ਲਈ ਗੁਜ਼ਾਰਿਸ਼ ਕਰ ਚੁੱਕੇ ਹਨ। ਇਸ ਬੈਠਕ ‘ਚ ਜਿਲ੍ਹੇ ਭਰ ਦੇ ਸੀ.ਡੀ.ਪੀ.ਓਜ਼. ਨੇ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਡੀ.ਈ.ਓ. (ਐਲੀ.ਸਿੱ.) ਅਮਰਜੀਤ ਸਿੰਘ ਵੱਖ-ਵੱਖ ਸਕੂਲਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਤੇ ਬੈਠਕਾਂ ‘ਚ ਵੀ ਸ਼ਿਰਕਤ ਕਰਦੇ ਹਨ। ਜਿਲ੍ਹੇ ਦੀਆਂ ਵੱਖ-ਵੱਖ ਥਾਵਾਂ ‘ਤੇ ਫਲੈਕਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਪੈੱਫਲਿੱਟ ਵੰਡੇ ਜਾ ਰਹੇ ਹਨ। ਬੀਤੇ ਕੱਲ੍ਹ ਉਨ੍ਹਾਂ ਦੀ ਅਗਵਾਈ ‘ਚ ਭੁੱਨਰਹੇੜੀ ਵਿਖੇ ਵੱਡੀ ਗਿਣਤੀ ‘ਚ ਅਧਿਆਪਕਾਂ ਨੇ ਜਾਗੋ ਕੱਢੀ, ਜਿਸ ‘ਚ ਵੱਡੀ ਗਿਣਤੀ ‘ਚ ਅਧਿਆਪਕ ਸ਼ਾਮਲ ਹੋਏ। ਇਸ ਜਾਗੋ ਦੌਰਾਨ ਅਧਿਆਪਕਾਵਾਂ ਨੇ ਸਰਕਾਰੀ ਸਕੂਲਾਂ ਦੀ ਖੂਬੀਆਂ ਤੇ ਸਹੂਲਤਾਂ ਨਾਲ ਸਬੰਧਤ ਗੀਤਾਂ ਤੇ ਬੋਲੀਆਂ ਨਾਲ ਰੰਗ ਬੰਨਿਆ।
ਤਸਵੀਰ:- ਭੁੱਨਰਹੇੜੀ ਵਿਖੇ ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਦੀ ਅਗਵਾਈ ‘ਚ ਕੱਢੀ ਗਈ ਜਾਗੋ ਦਾ ਦ੍ਰਿਸ਼।