ਵਜ਼ੀਫ਼ਾ ਮਿਹਨਤੀ ਤੇ ਹੋਣਹਾਰ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਦਾ ਹੈ : ਪ੍ਰਿੰਸੀਪਲ ਡਾ. ਰਾਜਨ ਸਿੰਗਲਾ
ਪਟਿਆਲਾ, 22 ਜੂਨ 2021
ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਵੱਲੋਂ ਪੜ੍ਹਾਈ ਵਿੱਚ ਅੱਵਲ ਆਉਣ ਵਾਲੇ ਡੀ-ਫਾਰਮੇਸੀ ਦੇ ਦੂਜੇ ਸਾਲ ਦੇ ਤਿੰਨ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਚੈੱਕ ਸੌਂਪੇ ਗਏ।
ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ. ਦੀ ਪ੍ਰਧਾਨਗੀ ਹੇਠ ਹੋਈ ਇਸ ਆਨ ਲਾਈਨ ਵੀਡੀਓ ਕਾਨਫਰੰਸਿੰਗ ‘ਚ ਸਲੋਨੀ ਜੈਨ, ਮਮਤਾ, ਅਰਸ਼ਦੀਪ ਕੁਮਾਰ ਨੂੰ ਪੂਰੀ ਫ਼ੀਸ ‘ਚ ਛੋਟ (ਸਕਾਲਰਸ਼ਿਪ) ਦੇ ਚੈੱਕ ਦਿੱਤੇ ਗਏ।
ਜਿਕਰਯੋਗ ਹੈ ਕਿ ਪੰਜਾਬ ਰਾਜ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਤੋਂ ਡਿਪਲੋਮਾ ਇੰਨ ਇੰਜੀਨੀਅਰਿੰਗ ਅਤੇ ਫਾਰਮੇਸੀ ਕੋਰਸਾ ਵਿੱਚ ਤਕਨੀਕੀ ਸਿਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਮੈਰਿਟ-ਕਮ-ਆਮਦਨ ਦੇ ਆਧਾਰ ਵੱਖ-ਵੱਖ ਸਕੀਮਾਂ ਅਧੀਨ ਯੋਗ ਵਿਦਿਆਰਥੀਆਂ ਨੂੰ ਪੂਰੀ ਫੀਸ ਮੁਆਫੀ ਜਾਂ ਸਕਾਲਰਸ਼ਿਪ ਵਜੋਂ 12 ਹਜ਼ਾਰ ਰੁਪਏ ਪ੍ਰਤੀ ਸਾਲ ਸਕੀਮ ਤਹਿਤ ਲਾਭ ਦਿੱਤਾ ਜਾਂਦਾ ਹੈ।
ਡੀ. ਫਾਰਮੇਸੀ ਵਿਭਾਗ ਦੇ ਮੁਖੀ ਡਾ. ਤੇਜਵੀਰ ਕੌਰ ਦੀ ਦੇਖ ਰੇਖ ‘ਚ ਹੋਏ ਵਰਚੂਅਲ ਸਮਾਗਮ ਦੌਰਾਨ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਵਲੋਂ ਹੋਣਹਾਰ ਵਿਦਿਆਰਥੀਆਂ ਦੇ ਲਈ ਸ਼ੁਰੂ ਕੀਤੀ ਗਈ ਸਕਾਲਰਸ਼ਿਪ ਸਕੀਮ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਮੈਡੀਕਲ ਕਾਲਜ ਦੇ ਅੱਵਲ ਆਉਣ ਵਾਲੇ ਤਿੰਨੇ ਵਿਦਿਆਰਥੀਆਂ ਦੇ ਨਾਮ ‘ਤੇ ਭੇਜੇ ਗਏ ਚੈੱਕ ਵਿਦਿਆਰਥੀਆਂ ਨੂੰ ਸੌਂਪਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ।
ਇਸ ਮੌਕੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਦਾ ਧੰਨਵਾਦ ਕਰਦਿਆ ਕਿਹਾ ਕਿ ਅਜਿਹੇ ਵਜ਼ੀਫ਼ੇ ਹੋਣਹਾਰ ਬੱਚਿਆਂ ਨੂੰ ਹੋਰ ਮਿਹਨਤ ਕਰਨ ਅਤੇ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਹਨ।
ਫਾਰਮੇਸੀ ਵਿਭਾਗ ਸਰਕਾਰੀ ਮੈਡੀਕਲ ਕਾਲਜ ਦੇ ਮੁਖੀ ਡਾ. ਤੇਜਵੀਰ ਕੌਰ ਨੇ ਕਿਹਾ ਕਿ ਇਹ ਉਦਮ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ ਕਰੇਗਾ। ਉਨ੍ਹਾਂ ਵਲੋਂ ਕੋਵਿਡ ਸਮੇਂ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਲਈ ਆਨਲਾਈਨ ਕਲਾਸਾਂ ਦੇ ਕੀਤੇ ਸਮੁੱਚੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ।