ਰੂਪਨਗਰ, 22 ਜਨਵਰੀ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਅਣਥੱਕ ਯਤਨ ਕੀਤੇ ਜਾ ਰਹੇ ਹਨ। ਇੱਕ ਹੋਰ ਮੋਹਰੀ ਯਤਨ ਵਿੱਚ ਅਗਨੀਪਥ ਵਾਯੂ ਸਕੀਮ ਦੀ ਜਨਤਕ ਜਾਗਰੂਕਤਾ ਵਧਾਉਣ ਲਈ ਏਅਰਫੋਰਸ ਅਫਸਰ ਐਮ.ਡੀ. ਪਰਵੇਜ ਦੇ ਸਹਿਯੋਗ ਨਾਲ ਇੱਕ ਵਿਆਪਕ ਵਰਚੁਅਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਵਰਚੁਅਲ ਸੈਮੀਨਾਰ ਵਿੱਚ ਏਅਰਫੋਰਸ ਅਫਸਰ ਐਮ.ਡੀ ਪਰਵੇਜ ਨੇ ਅਗਨੀਪਥਵਾਯੂ ਸਕੀਮ ਦੇ ਵੱਖ-ਵੱਖ ਪਹਿਲੂਆਂ ਨੂੰ ਬਾਖੂਬੀ ਪੇਸ਼ ਕੀਤਾ। ਸਕੀਮ ਦੇ ਉਦੇਸ਼ਾਂ, ਵਿਧੀਆਂ ਅਤੇ ਨਤੀਜਿਆਂ ਬਾਰੇ ਇਸ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਸਮਝਾਇਆ। ਵਰਚੁਅਲ ਕਾਨਫਰੰਸ ਨੇ ਭਾਗੀਦਾਰਾਂ, ਪੇਸ਼ੇਵਰਾਂ, ਉਤਸ਼ਾਹੀਆਂ, ਅਤੇ ਆਮ ਲੋਕਾਂ ਸਮੇਤ, ਰਾਸ਼ਟਰੀ ਭਲਾਈ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਵਿੱਚ ਭਾਈਚਾਰੇ ਦੀ ਡੂੰਘੀ ਦਿਲਚਸਪੀ ਨੂੰ ਉਜਾਗਰ ਕਰਦੇ ਹੋਏ ਉਹਨਾਂ ਦਾ ਮਹੱਤਵਪੂਰਨ ਧਿਆਨ ਖਿੱਚਿਆ। ਉਨ੍ਹਾਂ ਦੱਸਿਆ ਕਿ ਅਗਨੀਪਥਵਾਯੂ ਸਕੀਮ ਦਾ ਉਦੇਸ਼ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।
ਵਰਚੁਅਲ ਸੈਮੀਨਾਰ ਦੌਰਾਨ ਭਾਗ ਲੈਣ ਵਾਲੇ ਉਮੀਦਵਾਰਾਂ ਨੇ ਏਅਰਫੋਰਸ ਅਫਸਰ ਐਮ.ਡੀ ਪਰਵੇਜ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਸਪਸ਼ਟਤਾ ਅਤੇ ਡੂੰਘਾਈ ਲਈ ਪ੍ਰਸ਼ੰਸਾ ਪ੍ਰਗਟ ਕੀਤੀ ਗਈ। ਇਸ ਸੈਮੀਨਾਰ ਨੇ ਅਗਨੀਪਥਵਾਯੂ ਸਕੀਮ ਦੀਆਂ ਮਹੱਤਵਪੂਰਨ ਵੇਰਵਿਆਂ ਨੂੰ ਪ੍ਰਸਾਰਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕੀਤਾ।
ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 02 ਜਨਵਰੀ 2004 ਤੋਂ 02 ਜੁਲਾਈ 2007 (ਦੋਨੋਂ ਦਿਨ ਸ਼ਾਮਿਲ) ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਕਤ ਅਸਾਮੀਆਂ ਲਈ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਬਾਰਵੀਂ ਮੈਥ, ਫਿਜਿਕਸ ਅਤੇ ਇੰਗਲਿਸ਼ ਵਿੱਚ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਜਾਂ 3 ਸਾਲ ਦਾ ਇੰਜੀਨੀਅਰਿੰਗ (ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋ ਮੋਬਾਇਲ, ਕੰਪਿਊਟਰ ਸਾਇੰਸ ਅਤੇ ਇੰਸਟਰੂਮੈਂਟੇਸ਼ਨ ਟੈਕਨੋਲੋਜੀ ਅਤੇ ਇਨਫਰਮੇਸ਼ਨ ਟੈਕਨੋਲੋਜੀ) ਵਿੱਚ ਡਿਪਲੋਮਾ ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਇਨ੍ਹਾਂ ਦਰਸਾਈਆਂ ਯੋਗਤਾਵਾਂ ਵਿੱਚ ਉਮੀਦਵਾਰ ਦੇ ਇਮਤਿਹਾਨਾਂ ਵਿੱਚੋਂ 50 ਫ਼ੀਸਦੀ ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50 ਫ਼ੀਸਦੀ ਨੰਬਰ ਹਾਸਿਲ ਕੀਤੇ ਹੋਣੇ, ਉਕਤ ਯੋਗਤਾ ਵਾਲੇ ਉਮੀਦਵਾਰ ਇਸ ਅਸਾਮੀ ਲਈ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰੀਖਿਆ ਫੀਸ ਅਤੇ ਰਜਿਸਟ੍ਰੇਸ਼ਨ ਫੀਸ ਕੁੱਲ 550+ਜੀ.ਐਸ.ਟੀ ਹੈ। ਅਗਨੀਵੀਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਦੇ ਟੈਸਟ 17 ਮਾਰਚ 2024 ਤੋਂ ਸ਼ੁਰੂ ਹੋਣਗੇ। ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 30,000 ਪ੍ਰਤੀ ਮਹੀਨਾ ਤਨਖਾਹ ਮਿਲੇਗੀ ਅਤੇ ਇਸ ਨਿਯੁਕਤੀ ਦਾ ਸਮਾਂ 4 ਸਾਲ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਸਾਲ 10 ਫ਼ੀਸਦੀ ਤਰੱਕੀ ਮਿਲੇਗੀ। ਸੇਵਾਮੁਕਤੀ ਉਪਰੰਤ 10 ਲੱਖ 4 ਹਜ਼ਾਰ ਰੁਪਏ ਸੇਵਾ ਨਿਧੀ ਪੈਕੇਜ਼ ਦੇ ਰੂਪ ਵਿੱਚ ਮਿਲਣਗੇ। ਉਮੀਦਵਾਰ ਮੈਡੀਕਲ ਮਾਪਦੰਡ, ਯੋਗਤਾ, ਨੌਕਰੀ ਸਬੰਧੀ ਡਿਟੇਲ ਅਤੇ ਆਨਲਾਈਨ ਫਾਰਮ ਅਪਲਾਈ ਕਰਨ ਲਈ http://agnipathvayu.cdac.in ਤੇ ਜਾਂ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ 0171-2541125 ਤੇ ਸੰਪਰਕ ਕਰ ਸਕਦੇ ਹਨ।
ਇਸ ਵਰਚੁਅਲ ਸੈਮੀਨਾਰ ਬਾਰੇ ਜਾਣਕਾਰੀ ਦਿੰਦੇ ਜ਼ਿਲ੍ਹਾ ਰੋਜ਼ਗਾਰ ਅਫਸਰ ਸ. ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਅਗਨੀਵੀਰ ਸਕੀਮ ਤਹਿਤ ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਦੀਆਂ ਅਸਾਮੀਆਂ (ਲੜਕੇ ਅਤੇ ਲੜਕੀਆਂ) ਲਈ 17 ਜਨਵਰੀ ਤੋਂ 06 ਫਰਵਰੀ ਤੱਕ ਚਾਹਵਾਨ ਉਮੀਦਵਾਰ ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।