–ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ‘ਚ ਝੋਨੇ ਦੀ ਖਰੀਦ, ਲਿਫਟਿੰਗ ਸਬੰਧੀ ਕੋਈ ਦਿੱਕਤ ਨਹੀਂ, ਡਿਪਟੀ ਕਮਿਸ਼ਨਰ
–ਜ਼ਿਲ੍ਹਾ ਬਰਨਾਲਾ ਦੀ ਮੰਡੀਆਂ ‘ਚ ਪੁੱਜਿਆ 50 ਫ਼ੀਸਦੀ ਝੋਨਾ ਚੁੱਕ ਲਿਆ ਗਿਆ
ਬਰਨਾਲਾ, 26 ਅਕਤੂਬਰ 2024
ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਆਦਿ ਪ੍ਰਬੰਧਾਂ ਸਬੰਧੀ ਜ਼ਮੀਨੀ ਪੱਧਰ ‘ਤੇ ਜਾਣਕਾਰੀ ਲੈਣ, ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਆਦਿ ਨਾਲ ਗੱਲਬਾਤ ਕਰਨ ਅਤੇ ਮੁਸ਼ਕਿਲਾਂ ਸੁਨਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਐੱਸ ਐੱਸ ਪੀ ਸ਼੍ਰੀ ਸੰਦੀਪ ਕੁਮਾਰ ਮਲਿਕ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਬਰਨਾਲਾ ਦਾਣਾ ਮੰਡੀ ਦਾ ਦੌਰਾ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ‘ਚ ਝੋਨਾਂ ਸੁਕਾ ਕੇ ਅਤੇ 17 ਫ਼ੀਸਦੀ ਤੋਂ ਘੱਟ ਨਮੀ ਵਾਲਾ ਲਈ ਕੇ ਆਉਣ। ਉਨ੍ਹਾਂ ਕਿਹਾ ਜੇਕਰ ਕਿਸਾਨ ਆਪਣੀ ਫ਼ਸਲ ਚੰਗੀ ਤਰ੍ਹਾਂ ਸੁਕਾ ਕੇ ਨਹੀਂ ਲਈ ਕੇ ਆਉਂਦਾ ਤਾਂ ਉਨ੍ਹਾਂ ਨੂੰ ਝੋਨਾ ਮੰਡੀ ‘ਚ ਹੀ ਸੁਕਾਉਣਾ ਪੈਂਦਾ ਹੈ ਜਿਸ ਨਾਲ ਮੰਡੀਆਂ ‘ਚ ਦਿੱਕਤ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ‘ਚ ਕਿਸੇ ਵੀ ਤਰੀਕੇ ਦਾ ਕੱਟ ਨਹੀਂ ਲਗਾਇਆ ਜਾ ਰਿਹਾ ਅਤੇ ਇਸ ਸਬੰਧੀ ਅਫਵਾਹਾਂ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਵੀਰਾਂ ਦੇ ਖਾਤਿਆਂ ‘ਚ ਅਦਾਇਗੀ ਸਿੱਧੇ ਤੌਰ ‘ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ‘ਚ 43000 ਐੱਮ ਟੀ ਝੋਨਾ ਖਰੀਦਿਆ ਜਾ ਚੁੱਕਾ ਹੈ ਜਿਸ ਵਿਚੋਂ 20000 ਐੱਮ ਟੀ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੀਆਂ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਹੈ।