ਕਰੋਨਾ ਮੁਕਤ ਪਿੰਡ ਅਭਿਆਨ ਤਹਿਤ ਸਿਹਤ ਵਿਭਾਗ ਦੇ ਅਧਿਕਾਰੀਆ/ਸੈਕਟਰ ਅਫਸਰਾਂ ਨਾਲ ਮੀਟਿੰਗ
ਫਰੀਦਕੋਟ 11 ਜੂਨ 2021 ਜਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਚੱਲ ਰਹੇ ਟੀਕਾਕਰਨ, ਟੈਸਟਿੰਗ ਤੇ ਜਾਗਰੂਕਤਾ ਮੁਹਿੰਮ ਆਦਿ ਸਬੰਧੀ ਜਾਣਕਾਰੀ ਲੈਣ ਅਤੇ ਇਸ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇਣ ਲਈ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਜਿਲ੍ਹੇ ਦੇ ਸਮੂਹ ਸੈਕਟਰ ਅਫਸਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ 02 ਤਹਿਤ ਸ਼ੁਰੂ ਕੀਤੇ ਗਏ ਕਰੋਨਾ ਮੁਕਤ ਪਿੰਡ ਅਭਿਆਨ ਤਹਿਤ ਘਰ ਘਰ ਸਰਵੇਖਣ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਪਿਛਲੇ ਕੁਝ ਸਮੇਂ ਦੌਰਾਨ ਕਰੋਨਾ ਦੇ ਕੇਸਾਂ ਵਿਚ ਆਈ ਕਮੀ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਕਿਉਂਕਿ ਅਸੀਂ ਸਾਰੇ ਮਿਲਕੇ ਜੇ ਮਾਸਕ ਚੰਗੀ ਤਰਾਂ ਲਗਾਉਣਾ, ਸਮਾਜਿਕ ਦੂਰੀ ਅਤੇ ਵਾਰ ਵਾਰ ਹੱਥ ਧੋਣਾ ਜਾ ਸੈਨੀਟਾਈਜ਼ਰ ਦਾ ਪ੍ਰਯੋਗ ਕਰਨਾ ਯਕੀਨੀ ਬਣਾਈ ਰੱਖੀਏ ਤਾਂ ਆਉਣ ਵਾਲੇ ਦਿਨ ਵਿੱਚ ਜ਼ਿਲੇ ਵਿਚ ਇਕ ਵੀ ਵਿਅਕਤੀ ਪਾਜਿਟਿਵ ਨਹੀਂ ਹੋਵੇਗਾ। ਕਰੋਨਾ ਦੇ ਕੇਸਾਂ ਵਿਚ ਕਮੀ ਆਉਣ ਦਾ ਇਕ ਬਹੁਤ ਵੱਡਾ ਯੋਗਦਾਨ ਟੀਕਾਕਰਨ ਦਾ ਹੈ। ਇਸ ਕਰਕੇ ਜਰੂਰੀ ਹੈ ਕਿ ਅਸੀਂ ਵੱਧ ਤੋਂ ਵੱਧ ਟੀਕਾਕਰਨ ਕਰਾਉਣ ਲਈ ਆਪ ਅੱਗੇ ਆਈਏ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰੀਏ।