ਬਟਾਲਾ,6 ਜੁਲਾਈ 2021 ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਸਮੂਹ ਸਬ-ਡਵੀਜ਼ਨ ਵਾਸੀਆਂ ਨੂੰ ਦੱਸਿਆ ਕਿ ਡੇਂਗੂ, ਚਿਕਨਗੂਨੀਆਂ ਤੇ ਮਲੇਰੀਆ ਦੀ ਰੋਕਥਾਮ ਲਈ ਅਗੇਤੇ ਪ੍ਰਬੰਧਾਂ ਤਹਿਤ ਪ੍ਰਸ਼ਾਸਨ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। ਐੱਸ.ਡੀ.ਐੱਮ. ਬਟਾਲਾ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਨੂੰ ਡੇਂਗੂ ਤੋਂ ਬਚਣ ਸਬੰਧੀ ਜਾਗਰੂਕਤਾ ਗਤੀਵਿਧੀਆਂ ਤੇਜ ਕਰਨ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਐਂਟੀ ਲਾਰਵਾ ਟੀਮਾਂ ਨੂੰ ਚੈਕਿੰਗ ਵਧਾਉਣ ਤੇ ਨਗਰ ਨਿਗਮ ਬਟਾਲਾ, ਨਗਰ ਕੌਂਸਲਾਂ ਨੂੰ ਉਨਾਂ ਲੋਕਾਂ ਦੇ ਚਲਾਨ ਕਰਨ ਲਈ ਕਿਹਾ ਜਿੰਨਾਂ ਦੇ ਘਰਾਂ ਅੰਦਰੋ ਡੇਂਗੂ ਦਾ ਲਾਰਵਾ ਮਿਲਦਾ ਹੈ।
ਇਸਦੇ ਨਾਲ ਹੀ ਐੱਸ.ਡੀ.ਐੱਮ. ਬਟਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਲੋਕ ਆਪਣੇ ਘਰਾਂ ਅੰਦਰ ਪਾਣੀ ਖੜਾ ਨਾ ਹੋਣ ਦੇਣ ਅਤੇ ਹਫਤੇ ਵਿਚ ਇਕ ਵਾਰ ਕੂਲਰਾਂ, ਫਰੀਜਾਂ ਦੀਆਂ ਟੇ੍ਰਆਂ, ਗਮਲਿਆਂ, ਪੁਰਾਣੇ ਕਬਾੜ ਆਦਿ ਵਿਚ ਪਏ ਪਾਣੀ ਨੂੰ ਲਾਜਮੀ ਤੌਰ ਤੇ ਸੁਕਾ ਦੇਣ। ਉਨਾਂ ਨੇ ਸਰਕਾਰੀ ਅਦਾਰਿਆਂ ਨੂੰ ਵੀ ਕਿਹਾ ਕਿ ਉਹ ਆਪਣੇ ਅਦਾਰਿਆਂ ਅੰਦਰ ਵੀ ਖੜੇ ਪਾਣੀ ਸਬੰਧੀ ਜਾਂਚ ਕਰਕੇ ਯਕੀਨੀ ਬਣਾਉਣ ਕਿ ਉਸ ਵਿਚ ਡੇਂਗੂ ਦਾ ਲਾਰਵਾ ਪੈਦਾ ਨਾ ਹੋਵੇ।
ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਡੇਂਗੂ ਬੁਖਾਰ ਦੇ ਲੱਛਣਾਂ ਦੀ ਗੱਲ ਕਰਦਿਆਂ ਦੱਸਿਆ ਕਿ ਤੇਜ ਬੁੁਖਾਰ, ਸਿਰ ਦਰਦ, ਮਾਸਪੇਸੀਆਂ ਵਿਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ ਵਿਚ ਦਰਦ, ਮਸੂੜਿਆਂ ਤੇ ਨੱਕ ਵਿਚ ਖੂਨ ਵਗਣਾ ਆਦਿ ਇਸ ਦੇ ਲੱਛਣ ਹਨ। ਉਨਾਂ ਕਿਹਾ ਕਿ ਇਹ ਇਕ ਮੱਛਰ ਨਾਲ ਫੈਲਣ ਵਾਲਾ ਰੋਗ ਹੈ ਤੇ ਇਸ ਦੇ ਬਚਾਓ ਲਈ ਮੱਛਰਾਂ ਨੂੰ ਨਿਯੰਤਰਤ ਕਰਨਾ ਅਤੇ ਆਪਣੇ ਆਪ ਨੂੰ ਮੱਛਰਾਂ ਰਾਹੀਂ ਕੱਟੇ ਜਾਣ ਤੋਂ ਬਚਾਉਣਾ ਚਾਹੀਦਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਦੇ ਲੱਛਣ ਹੋਣ ਤਾਂ ਬਿਨਾਂ ਦੇਰੀ ਸਰਕਾਰੀ ਹਸਪਤਾਲ ਨਾਲ ਰਾਬਤਾ ਕਰਕੇ ਆਪਣਾ ਮੁਫ਼ਤ ਇਲਾਜ ਕਰਵਾਓ।