ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਖਾਤਮੇ ਲਈ ਵੱਖ ਵੱਖ ਥਾਈਂ ਚੈਕਿੰਗ
ਬਰਨਾਲਾ, 27 ਅਗਸਤ 2021
ਸਿਹਤ ਵਿਭਾਗ ਬਰਨਾਲਾ ਦੀਆਂ ਵੱਖ ਵੱਖ ਟੀਮਾਂ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵੱਖ ਵੱਖ ਦਫਤਰਾਂ ਤੇ ਖੇਤਰਾਂ ਐਲ.ਆਈ.ਸੀ. ਦਫਤਰ, ਸੁਪਰਡੈਂਟ ਪੁਲਿਸ ਦਫਤਰ ਤੇ ਕਿਲਾ ਮੁਹੱਲਾ ਬਰਨਾਲਾ ਵਿੱਚ ‘ਹਰੇਕ ਸ਼ੁੱਕਰਵਾਰ, ਡਰਾਈ ਡੇਅ’ ਅਧੀਨ ਡੇਂਗੂ ਵਿਰੋਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਔਲਖ ਨੇ ਦੱਸਿਆ ਕਿ ਡੇਂਗੂ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਮੱਛਰ ਆਮ ਤੌਰ ’ਤੇ ਦਿਨ ਵੇਲੇ ਕੱਟਦਾ ਹੈ। ਇਸ ਲਈ ਆਪਣੇ ਘਰਾਂ, ਦੁਕਾਨਾਂ, ਵਰਕਸ਼ਾਪਾਂ ’ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ, ਕੂਲਰ, ਗਮਲੇ ਅਤੇ ਫਰਿੱਜ ਦੇ ਪਿੱਛੇ ਟਰੇਅ ਆਦਿ ਵਿੱਚ ਪਾਣੀ ਸੁਕਾ ਕੇ ਖਾਲੀ ਕਰਕੇ ਹਫਤੇ ਦੇ ਹਰੇਕ ਸ਼ੁੱਕਰਵਾਰ ਡਰਾਈ ਡੇਅ (ਖੁਸ਼ਕ ਦਿਨ) ਮਨਾਇਆ ਜਾਣਾ ਚਾਹੀਦਾ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਡਾ. ਔਲਖ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਮਾਸ ਪੇਸ਼ੀਆਂ ’ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ’ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ ’ਚ ਦੇਰੀ ਕਾਰਨ ਕਈ ਵਾਰ ਖਤਰੇ ਦਾ ਕਾਰਨ ਬਣ ਜਾਂਦਾ ਹੈ। ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਮਾਨ ਤੇ ਜ਼ਿਲਾ ਬੀ. ਸੀ. ਕੋਆਰਡੀਨੇਟਰ ਹਰਜੀਤ ਸਿੰਘ ਬਾਗੀ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਸਿਹਤ ਵਿਭਾਗ ਦੀ ਟੀਮ ਵਿੱਚ ਸੁਰਿੰਦਰ ਸਿੰਘ, ਗਣੇਸ਼ ਦੱਤ ਤੇ ਜਗਜੀਤ ਸਿੰਘ ਮਲਟੀਪਰਪਜ਼ ਸਿਹਤ ਵਰਕਰ, ਗੁਲਾਬ ਸਿੰਘ ਇੰਸੈਕਟ ਕੁਲੈਕਟਰ ਆਦਿ ਹਾਜ਼ਰ ਸਨ।