ਡੇਂਗੂ ਦਾ ਲਾਰਵਾ ਪਾਏ ਜਾਣ ਤੇ ਹੋਵੇਗਾ ਚਾਲਾਨ
ਫਿਰੋਜ਼ਪੁਰ 9 ਸਤੰਬਰ 2021 ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਦੱਸਿਆ ਕਿ ਆਗਾਮੀ ਸਮੇਂ ਦੌਰਾਨ ਰਹਿਣ ਵਾਲਾ ਤਾਪਮਾਨ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੇ ਵਾਧੇ ਲਈ ਬਹੁਤ ਸਾਜ਼ਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਮੌਸਮ ਵਿੱਚ ਡੇਂਗੂ ਤੋਂ ਬਚਾਅ ਲਈ ਵਧੇਰੇ ਸਾਵਧਾਨੀਆਂ ਦੀ ਜਰੂਰਤ ਹੁੰਦੀ ਹੈ ਬਰਸਾਤੀ ਮੌਸਮ ਵਿੱਚ ਆਪਣੇ ਆਸ ਪਾਸ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਮੱਛਰਾਂ ਨਾ ਫੈਲਣ।
ਸਿਵਲ ਸਰਜਨ ਡਾ: ਅਰੋੜਾ ਨੇ ਖੁਲਾਸਾ ਕੀਤਾ ਕਿ ਵਿਭਾਗੀ ਟੀਮਾਂ ਵੱਲੋਂ ਡੇਂਗੂ ਕੰਟਰੋਲ ਲਈ ਲਗਾਤਾਰ ਸਰਵੇਲੈਂਸ ਰੱਖੀ ਜਾ ਰਹੀ। ਟੀਮਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋ ਬਚਣ ਲਈ ਜਾਗਰੂਕ ਕਰਨ ਤੋਂ ਇਲਾਵਾ ਘਰਾਂ ਅਤੇ ਸੰਸਥਾਨਾਂ ਵਿਖੇ ਡੇਂਗੂ ਦਾ ਲਾਰਵਾ ਵੀ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਲੇ ਵਿੱਚ ਡੇਂਗੂ ਦਾ ਲਾਰਵਾ ਵਿਭਾਗ ਦੀਆਂ ਸਰਵੇਲੈਂਸ ਟੀਮਾਂ ਨੂੰ ਮਿਲ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਘਰਾਂ ਅੰਦਰ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਅਤੇ ਆਪਣੇ ਕੂਲਰਾਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲਣਾ ਚਾਹੀਦਾ ਹੈ ਕਿਉਂਕਿ ਡੇਂਗੂ ਦਾ ਲਾਰਵਾ ਇੱਕ ਹਫਤੇ ਵਿੱਚ ਮੱਛਰ ਦੇ ਰੂਪ ਵਿੱਚ ਪਰਵਰਤਿਤ ਹੋ ਜਾਂਦਾ ਹੈ। ਇਸੇ ਲਈ ਸਿਹਤ ਵਿਭਾਗ ਵੱਲੋਂ ਫਰਾਈਡੇ ਡ੍ਰਾਈ ਡੇ ਦਾ ਨਾਰਾ ਦਿੱਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਘਰਾਂ ਦਫਤਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਆਦਿ ਤੇ ਪਏ ਕਬਾੜ ਸਾਮਾਨ, ਟਾਇਰ ਅਤੇ ਗਮਲਿਆਂ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਉਹਨਾਂ ਇਸ ਵਿਵਹਾਰ ਪ੍ਰਤੀ ਅਣਗਹਿਲੀ ਵਾਲੇ ਘਰਾਂ ਅਤ ਸੰਸਥਾਨਾਂ ਨੂੰ ਇਹ ਚੇਤਾਵਨੀ ਵੀ ਦਿੱਤੀ ਕਿ ਜਿਹੜੇ ਘਰਾਂ ਦੁਕਾਨਾਂ ਅਤੇ ਸੰਸਥਾਵਾਂ ਵਿਖੇ ਡੇਂਗੂ ਦਾ ਲਾਰਵਾ ਪਾਇਆ ਜਾਵੇਗਾ ਉਹਨਾਂ ਨੂੰ ਨਿਯਮਾਂ ਮੁਤਾਬਿਕ ਚਾਲਾਨ ਕੀਤੇ ਜਾਣ ਲਈ ਮਿਊਂਸਪਿਲ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ।
ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਹੋਰ ਵਧੇਰੇ ਜਾਣਕਾਰੀ ਦਿੰਦੇ ਕਿਹਾ ਹੈ ਕਿ ਡੇਂਗੂ ਰੋਗ ਏਡੀਜ ਇਜਿਪਟਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਇੱਕ ਵਾਇਰਲ ਬੀਮਾਰੀ ਹੈ, ਜਿਸ ਵਿੱਚ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛਲੇ ਭਾਗ ਵਿੱਚ ਦਰਦ, ਸਰੀਰ ਅਤੇ ਜੋੜਾਂ ਵਿੱਚ ਦਾ ਅਸਿਹ ਦਰਦ ਆਦਿ ਲੱਛਣ ਪ੍ਰਗਟ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਫੈਲਾਉਣ ਵਾਲੇ ਮੱਛਰ ਖੜੇ ਸਾਫ ਪਾਣੀ ਵਿੱਚ ਵੱਧਦੇ ਹਨ ਅਤੇ ਇਹ ਦਿਨ ਵੇਲੇ ਕੱਟਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰਾਂ ਕਵਰ ਕਰਨ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੱਛਰਦਾਨੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਡੇਂਗੂ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਉਪਲੱਬਧ ਹੈ। ਵਿਅਕਤੀ ਨੂੰ ਤੇਜ਼ ਬੁਖਾਰ, ਸਰੀਰ ਦਰਦ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ।