ਡੱਬਵਾਲਾ ਦੇ ਸਿਹਤ ਅਤੇ ਤੰਦਰੁਸਤੀ ਕੇਂਦਰ ਵਿੱਚ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ

ਫਾਜ਼ਿਲਕਾ 31 ਮਈ, 2021
ਵਿਸ਼ਵ ਤੰਬਾਕੂ ਦਿਵਸ ਮੌਕੇ ਸਿਵਲ ਸਰਜਨ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡੱਬਵਾਲਾ ਕਲਾਂ ਦੇ ਐਸ.ਐਮ.ਓ. ਡਾ. ਪੰਕਜ ਚੌਹਾਨ ਦੀ ਅਗਵਾਈ ਹੇਠ ਡੱਬਵਾਲਾ ਦੇ ਸਿਹਤ ਅਤੇ ਤੰਦਰੁਸਤੀ ਕੇਂਦਰ ਵਿੱਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਅਤੇ ਤੰਬਾਕੂ ਦੇ ਸੇਵਨ ਬਾਰੇ ਦੱਸਿਆ ਗਿਆ ਅਤੇ ਤੰਬਾਕੂ ਦਾ ਸੇਵਨ ਨਾ ਕਰਨ ਦੀ ਸਹੁੰ ਵੀ ਚੁਕਾਈ ਗਈ।
ਐਸ.ਐਮ.ਓ. ਡਾ. ਪੰਕਜ ਚੌਹਾਨ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਤੰਬਾਕੂ ਦੀ ਵਰਤੋਂ ਪਹਿਲਾਂ ਤਾਂ ਸ਼ੌਂਕ ਨਾਲ ਕੀਤੀ ਜਾਂਦੀ ਅਤੇ ਅਤੇ ਬਾਅਦ ਵਿਚ ਇਕ ਬੂਰੀ ਆਦਤ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗਲ਼ੇ ਅਤੇ ਮੂੰਹ ਦੇ ਕੈਂਸਰ ਦਾ ਮੁੱਖ ਕਾਰਨ ਤੰਬਾਕੂ ਹੈ, ਜੋ ਸਿਗਰਟ, ਪਾਨ ਮਸਾਲਾ ਅਤੇ ਜ਼ਰਦਾ ਦੇ ਸੇਵਨ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਮਨ ਵਿਚ ਮਜ਼ਬੂਤ ਇੱਛਾ ਸ਼ਕਤੀ ਹੈ, ਤਾਂ ਤੰਬਾਕੂ ਦਾ ਸੇਵਨ ਛੱਡਿਆ ਜਾ ਸਕਦਾ ਹੈ, ਜਿਸ ਲਈ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਜ਼ਰੂਰੀ ਹੈ।
ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਸਿਹਤ ਅਤੇ ਤੰਦਰੁਸਤੀ ਕੇਂਦਰ ਵਿਖੇ ਲੋਕਾਂ ਨੂੰ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਤੰਬਾਕੂ ਦੀ ਵਰਤੋਂ ਨਾ ਕਰਨ ਅਤੇ ਆਪਣੇ ਅੰਦਰ ਸਵੈ-ਇੱਛਾ ਪੈਦਾ ਕਰਕੇ ਤੰਬਾਕੂ ਤੋਂ ਨਿਜ਼ਾਤ ਪਾ ਸਕਦੇ ਹਨ।

Spread the love