ਤਰਨਤਾਰਨ ਜਿਲ੍ਹੇ ਵਿਚ 1,34,910 ਵਿਅਕਤੀਆਂ ਨੂੰ ਦੁੱਗਣੀ ਪੈਨਸ਼ਨ ਮਿਲਣੀ ਹੋਈ ਸ਼ੁਰੂ

ਜਿਲ੍ਹੇ ਵਿਚ 21 ਥਾਵਾਂ ਉਤੇ ਲਾਭਪਾਤਰੀਆਂ ਨੂੰ ਵੰਡੇ ਗਏ ਵਧੀ ਰਾਸ਼ੀ ਦੇ ਚੈਕ
ਹਰ ਮਹੀਨੇ ਜਿਲ੍ਹੇ ਵਿਚ ਕਰੀਬ 21 ਕਰੋੜ ਰੁਪਏ ਪੈਨਸ਼ਨਰਾਂ ਨੂੰ ਵੰਡੇ ਜਾਣਗੇ-ਡਿਪਟੀ ਕਮਿਸ਼ਨਰ
ਤਰਨਤਾਰਨ , 31 ਅਗਸਤ 2021 ਪੰਜਾਬ ਸਰਕਾਰ ਵਲੋਂ ਸਮਾਜ ਦੇ ਲੋੜਵੰਦ ਲੋਕਾਂ ਨੂੰ ਪੈਨਸ਼ਨ ਯੋਜਨਾ ਤਹਿਤ ਜੁਲਾਈ 2021 ਤੋਂ ਦੁੱਗਣੀ ਪੈੈਨਸ਼ਨ ਦਿੱਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਜਿਲ੍ਹੇ ਅੰਦਰ ਵੀ ਲਾਭਪਾਤਰੀਆਂ ਨੂੰ ਇਸਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਦੁੱਗਣੀ ਹੋਈ ਪੈਨਸ਼ਨ ਨਾਲ ਜਿਲ੍ਹੇ ਅੰਦਰ ਜੂਨ ਮਹੀਨੇ ਨਾਲੋਂ ਕਰੀਬ ਸਾਢੇ 10 ਕਰੋੜ ਰੁਪੈ ਜਿਆਦਾ ਪੈਨਸ਼ਨ ਦੇ ਰੂਪ ਵਿਚ ਲਾਭਪਾਤਰੀਆਂ ਨੂੰ ਮਿਲੇ ਹਨ।ਅਤੇ ਹਰ ਮਹੀਨੇ ਕਰੀਬ 21 ਕਰੋੜ ਰੁਪਏ ਲਾਭਾਪਤਰੀਆਂ ਨੂੰ ਪੈਨਸ਼ਨ ਵਜੋਂ ਵੰਡੇ ਜਾਣਗੇ। ਇਹ ਪ੍ਰਗਟਾਵਾ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਲੜਕੇ ਤਰਨਤਾਰਨ ਵਿਖੇ ਪੈਨਸ਼ਨਰਾਂ ਨੂੰ ਵਧੀ ਹੋਈ ਰਾਸ਼ੀ ਦੇ ਚੈਕ ਦੇਣ ਮੌਕੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਕੀਤਾ। ਉਨਾਂ ਕਿਹਾ ਕਿ ਬਜ਼ੁਰਗਾਂ ਦੇ ਸਵੈ ਮਾਣ ਲਈ ਇਹ ਵਾਧਾ ਪੰਜਾਬ ਸਰਕਾਰ ਦਾ ਸਲਾਹੁਣਯੋਗ ਫੈਸਲਾ ਹੈ।
ਡਿਪਟੀ ਕਮਿਸ਼ਨਰ ਤੇ ਹੋਰਨਾਂ ਵਲੋਂ ਅੱਜ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਧੀ ਹੋਈ ਪੈਨਸ਼ਨ ਪ੍ਰਦਾਨ ਕਰਨ ਸਬੰਧੀ ਕੀਤੇ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਸ਼ਿਰਕਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਮੂਹ ਪੈਨਸ਼ਨਰਾਂ ਜਿਨ੍ਹਾਂ ਵਿਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਬੱਚਿਆਂ ਤੇ ਦਿਵਿਆਂਗ ਵਿਅਕਤੀਆਂ ਨੂੰ ਪ੍ਰਤੀ ਮਹੀਨਾ 750 ਰੁਪੈ ਤੋਂ ਵਧਾਕੇ ਪੈਨਸ਼ਨ 1500 ਰੁਪੈ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜੁਲਾਈ 2021 ਮਹੀਨੇ ਦੌਰਾਨ ਜਿਲ੍ਹੇ ਦੇ 134910 ਲਾਭਪਾਤਰੀਆਂ ਨੂੰ 20 ਕਰੋੜ 72 ਲੱਖ ਰੁਪੈ ਦੀ ਪੈਨਸ਼ਨ ਜਾਰੀ ਕੀਤੀ ਗਈ।
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਕੀਰਤ ਪ੍ਰੀਤ ਕੌਰ ਨੇ ਦੱਸਿਆ ਕਿ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਹਿਲੀ ਸਤੰਬਰ 2021 ਨੂੰ ਵਧੀ ਹੋਈ ਪੈਨਸ਼ਨ ਭੇਜ ਦਿੱਤੀ ਜਾਵੇਗੀ।
ਇਸ ਮੌਕੇ ਸ੍ਰੀ ਸੰਦੀਪ ਅਗਨੀਹੋਤਰੀ, ਨਾਇਬ ਤਹਿਸੀਲਦਾਰ ਸ੍ਰੀ ਅਜੈ ਕੁਮਾਰ, ਪਿ੍ਰੰਸੀਪਲ ਤਜਿੰਦਰ ਸਿੰਘ, ਸ੍ਰੀਮਤੀ ਸ਼ਰਨਜੀਤ ਕੌਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਕੈਪਸ਼ਨ : ਵਧੀ ਹੋਈ ਪੈਨਸ਼ਨ ਦੇ ਚੈਕ ਵੰਡਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ, ਨਾਲ ਹਨ ਸ੍ਰੀ ਸੰਦੀਪ ਅਗਨੀਹੋਤਰੀ ਅਤੇ ਹੋਰ ਪਤਵੰਤੇ।

Spread the love