ਤਹਿਸੀਲ ਅਬੋਹਰ ਦੇ ਵੱਖ-ਵੱਖ ਪਿੰਡਾਂ ਵਿਖੇ ਕਰੋਨਾ ਖਿਲਾਫ ਸਾਵਧਾਨੀਆਂ ਵਰਤਣ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਅਬੋਹਰ ਫਾਜ਼ਿਲਕਾ, 28 ਮਈ  2021
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸਾਗਰ ਸੇਤੀਆ ਦੀ ਅਗਵਾਈ ਹੇਠ ਪਿੰਡਾਂ ਵਿਖੇ ਪਹੁੰਚ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਲੋਕਾਂ ਵੱਲੋਂ ਠੀਕਰੀ ਪਹਿਰੇ ਵੀ ਲਗਾਏ ਜਾ ਰਹੇ ਹਨ ਤਾਂ ਜ਼ੋ ਬਾਹਰੋਂ ਆਉਣ ਵਾਲੇ ਵਿਅਕਤੀਆਂ ਤੋਂ ਪੁੱਛ ਗਿਛ ਕੀਤੀ ਜਾ ਸਕੇ ਅਤੇ ਕਰੋਨਾ ਦੇ ਫੈਲਾਅ `ਤੇ ਰੋਕ ਲਗ ਸਕੇ।
ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸ਼ੁਰੂ ਕੀਤੇ ਕਰੋਨਾ ਮੁਕਤ ਪਿੰਡ ਅਭਿਆਨ ਅਤੇ ਮਿਸ਼ਨ ਫਤਿਹ-2 ਤਹਿਤ ਪਿੰਡ ਦੇ ਨੋਜਵਾਨਾਂ ਵੱਲੋਂ ਪਿੰਡ ਦੇ ਵਸਨੀਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਸ ਕਿਸੇ ਨੂੰ ਵੀ ਕਰੋਨਾ ਦੇ ਲੱਛਣ ਜਿਵੇਂ ਕਿ ਖੰਘ, ਜੁਕਾਮ, ਬੁਖਾਰ, ਬਦਨ ਦਰਦ ਆਦਿ ਨਜਰ ਆਉਂਦੇ ਹਨ ਤਾਂ ਜਲਦ ਤੋਂ ਜਲਦ ਟੈਸਟ ਕਰਵਾਇਆ ਜਾਵੇ ਤਾਂ ਜ਼ੋ ਅਸੀਂ ਕਿਸੇ ਹੋਰ ਨੂੰ ਨਾ ਇਹ ਰੋਗ ਫੈਲਾਅ ਸਕੀਏ।
ਅੱਜ ਪਿੰਡ ਖੁਭਣ, ਸੀਤੋ ਗੁਨੋ, ਹਿੰਮਤਪੁਰਾ, ਮੋਦੀ ਖੇੜਾ, ਰਾਮਪੁਰਾ, ਨਰੈਣਪੁਰਾ, ਉਸਮਾਨ ਖੇੜਾ ਅਤੇ ਸਰਕਾਰੀ ਹਾਈ ਸਕੂਲ ਗਿਦੜਾਂ ਵਾਲੀ ਵਿਖੇ ਕਰੋਨਾ ਖਿਲਾਫ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਦਫਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤੋਂ ਗੁਲਜੀਤ ਸਿੰਘ ਨੇ ਦੱਸਿਆ ਕਿ ਹਾਜਰੀਨ ਨੂੰ ਕਰੋਨਾ ਦੇ ਲੱਛਣਾਂ ਅਤੇ ਬਚਾਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਭੀੜ ਵਾਲੀਆਂ ਥਾਵਾਂ `ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਰੂਰ ਕੰਮ ਹੋਣ `ਤੇ ਬਾਹਰ ਜਾਣ ਸਮੇਂ ਜਾਂ ਵੈਸੇ ਵੀ ਮਾਸਕ ਲਾਜ਼ਮੀ ਲਗਾਇਆ ਜਾਵੇ, ਲੱਛਣ ਨਜਰ ਆਉਣ `ਤੇ ਟੈਸਟ ਜ਼ਰੂਰ ਕਰਵਾਇਆ ਜਾਵੇ, ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ।

Spread the love