ਲੋਕਾਂ ਨੂੰ ਮਿਲੇਗੀ ਵਾਜਬ ਕੀਮਤ ’ਤੇ ਗੁਣਵੱਤਾ ਭਰਪੂਰ ਮਠਿਆਈ- ਕੈਬਨਿਟ ਮੰਤਰੀ ਸ. ਰੰਧਾਵਾ
ਮਿਲਕਫੈੱਡ ਪੰਜਾਬ ਨੇ ਕੋਵਿਡ-19 ਮਹਾਂਮਾਰੀ ਦੇ ਸਮੇਂ ਵਿੱਚ ਸਾਲ 2020-21 ਵਿੱਚ ਪਿਛਲੇ ਸਾਲ ਨਾਲੋਂ 17 ਫੀਸਦੀ ਵਧੇਰੇ ਦੁੱਧ ਦੀ ਖਰੀਦ ਕੀਤੀ
ਗੁਰਦਾਸਪੁਰ, 18 ਅਗਸਤ 2021 ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਕਾਰੀ ਅਦਾਰੇ ਮਿਲਕਫੈਡ ਵੱਲੋਂ ਆਪਣੇ ਉਤਪਾਦਾਂ ਵਿੱਚ ਨਿਰੰਤਰ ਵਾਧੇ ਨਾਲ ਦਾਇਰੇ ਵਿੱਚ ਕੀਤੇ ਜਾ ਰਹੇ ਵਿਸਥਾਰ ਦੀ ਲੜੀ ਵਿੱਚ ਤਿਉਹਾਰਾਂ ਦੇ ਸੀਜ਼ਨ ਦੀ ਆਮਦ ਮੌਕੇ ਵੇਰਕਾ ਬਰਾਂਡ ਵੱਲੋਂ ਸਾਰਾ ਸਾਲ ਵਿਕਰੀ ਲਈ ਨਵੀਆਂ ਮਠਿਆਈਆਂ ਕਾਜੂ ਬਰਫੀ, ਬਰਾਊਨ ਪੇਡਾ, ਸੋਨ ਪਾਪੜੀ, ਮਿਲਕ ਕੇਕ, ਨਵਰਤਨ ਲੱਡੂ ਅਤੇ ਮੋਤੀਚੂਰ ਲੱਡੂ ਲਾਂਚ ਕੀਤੀਆਂ ਗਈਆਂ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਦਸੰਬਰ 2019 ਤੋਂ ਸਾਰਾ ਸੰਸਾਰ ਕੋਵਿਡ ਮਹਾਂਮਾਰੀ ਵਿੱਚੋਂ ਲੰਘ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਇਕ ਗੱਲ ਉਭਰ ਕੇ ਸਾਹਮਣੇ ਆਈ ਕਿ ਗਾਹਕਾਂ ਦਾ ਝੁਕਾਅ ਡੱਬਾਬੰਦ ਵਸਤਾਂ ਵੱਲ ਜ਼ਿਆਦਾ ਵੱਧ ਗਿਆ। ਮਿਲਕਫੈਡ ਨੇ ਇਸੇ ਲੋੜ ਨੂੰ ਦੇਖਦਿਆਂ ਮਠਿਆਈ, ਬੇਕਰੀ ਅਤੇ ਨਮਕੀਨ ਆਦਿ ਉਤਪਾਦਾਂ ਦਾ ਉਤਪਾਦਨ ਤੇ ਵਿਕਰੀ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਦੇ ਅਧਾਰ ’ਤੇ ਕਰਨ ਲਈ ਲੋੜੀਂਦੇ ਕਦਮ ਚੁੱਕਦੇ ਹੋਏ ਚੰਡੀਗੜ੍ਹ ਸਵੀਟਸ ਨਾਲ ਸਮਝੌਤਾ ਕੀਤਾ। ਇਸ ਸਮਝੌਤੇ ਅਧੀਨ ਮਿਲਕਫੈਡ ਚੰਡੀਗੜ੍ਹ ਸਵੀਟਸ ਪਾਸੋਂ ਆਪਣੇ ਬਰਾਂਡ ਵੇਰਕਾ ਦੇ ਅਧੀਨ ਮਠਿਆਈ, ਨਮਕੀਨ ਅਤੇ ਬੇਕਰੀ ਆਦਿ ਉਤਪਾਦਾਂ ਦਾ ਉਤਪਾਦਨ ਕਰਕੇ ਸਾਰਾ ਸਾਲ ਵਿਕਰੀ ਰੋਇਲਟੀ ਦੇ ਆਧਾਰ ’ਤੇ ਕਰੇਗੀ।
ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਵੇਰਕਾ ਵੱਲੋਂ ਪਹਿਲਾਂ ਦੀਵਾਲੀ ਦੇ ਤਿਉਹਾਰ ਮੌਕੇ ਹੀ ਮਠਿਆਈ ਬਣਾਈ ਅਤੇ ਵੇਚੀ ਜਾਂਦੀ ਸੀ ਜਦੋਂ ਕਿ ਵੇਰਕਾ ਨੂੰ ਪਸੰਦ ਕਰਨ ਵਾਲੇ ਗਾਹਕ ਸਾਰਾ ਸਾਲ ਇਨ੍ਹਾਂ ਉਤਪਾਦਾਂ ਦੀ ਮੰਗ ਕਰਦੇ ਸਨ। ਗਾਹਕਾਂ ਦੀ ਇਹ ਮੰਗ ਵੀ ਹੁਣ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੀ.ਪੀ.ਪੀ. ਮਾਡਲ ਰਾਹੀਂ ਲਾਂਚ ਕੀਤੇ ਇਨ੍ਹਾਂ ਉਤਪਾਦਾਂ ਉਤੇ ਮਿਲਕਫੈਡ ਦੀ ਬਿਨਾਂ ਕਿਸੇ ਨਿਵੇਸ਼ ਕੀਤੇ ਆਪਣੇ ਬਰਾਂਡ ਨਾਮ ਨਾਲ ਹੀ 30 ਕਰੋੜ ਰੁਪਏ ਦੀ ਟਰਨ ਓਵਰ ਵਧੇਗੀ ਅਤੇ ਇਹ ਲਾਭ ਸਿੱਧਾ ਦੁੱਧ ਉਤਪਾਦਕ ਕਿਸਾਨਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਉਤਪਾਦਾਂ ਲਈ ਕੱਚਾ ਮਾਲ ਅਤੇ ਇਸ ਦੀ ਸ਼ੁੱਧਤਾ ਉਤੇ ਕੰਟਰੋਲ ਮਿਲਕਫੈਡ ਵੱਲੋਂ ਹੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਦੇ ਸਮੇਂ ਵਿੱਚ ਦੇਸ਼ ਦਾ ਪੂਰਾ ਉਦਯੋਗ ਅਤੇ ਸੇਵਾ ਖੇਤਰ ਆਰਥਿਕ ਮੰਦੀ ਨਾਲ ਜੂਝ ਰਿਹਾ ਸੀ ਪਰ ਮਿਲਕਫੈਡ ਪੰਜਾਬ ਨੇ ਦੁੱਧ ਉਤਪਾਦਕਾਂ ਦੀ ਸੇਵਾ ਹਿੱਤ ਸਾਲ 2020-21 ਵਿੱਚ ਪਿਛਲੇ ਸਾਲ ਨਾਲੋਂ 17 ਫੀਸਦੀ ਵਧੇਰੇ ਦੁੱਧ ਦੀ ਖਰੀਦ ਕੀਤੀ ਅਤੇ ਇਸ ਔਖੇ ਸਮੇਂ ਵਿੱਚ ਦੁੱਧ ਉਤਪਾਦਕਾਂ ਲਈ ਦੁੱਧ ਦੇ ਖਰੀਦ ਰੇਟ ਵਾਜਿਬ ਰੱਖਣ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ।