ਤਿੰਨ ਰੋਜ਼ਗਾਰ ਮੇਲਿਆਂ ਵਿਚ 2200 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲੇ-ਡਿਪਟੀ ਕਮਿਸ਼ਨਰ

15 ਸਤੰਬਰ ਨੂੰ ਖਡੂਰ ਸਾਹਿਬ ਅਤੇ 17 ਨੂੰ ਤਰਨਤਾਰਨ ਵਿਖੇ ਲੱਗੇਗਾ ਰੋਜ਼ਗਾਰ ਮੇਲਾ
ਤਰਨਤਾਰਨ, 13 ਸਤੰਬਰ 2021 ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜਿਲੇ ਵਿਚ ਸੱਤਵੇਂ ਰੋਜ਼ਗਾਰ ਮੇਲੇ ਦੌਰਾਨ ਹੁਣ ਤੱਕ ਲਗਾਏ ਗਏ ਤਿੰਨ ਮੇਲਿਆਂ ਵਿਚ 2220 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੱਖ-ਵੱਖ ਕੰਪਨੀਆਂ ਵੱਲੋਂ ਦਿੱਤੇ ਗਏ ਹਨ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਭਿੱਖੀਵਿੰਡ, ਪੱਟੀ ਅਤੇ ਸਰਹਾਲੀ ਕਲਾਂ ਵਿਖੇ ਰੋਜ਼ਗਾਰ ਮੇਲੇ ਲਗਾਏ ਗਏ ਹਨ, ਜਿਸ ਵਿਚ ਨੌਜਵਾਨਾਂ ਨੇ ਭਰਪੂਰ ਹੁਗਾਰਾ ਦਿੱਤਾ ਹੈ ਅਤੇ ਕੰਪਨੀਆਂ ਵੀ ਰੋਜ਼ਗਾਰ ਦੇ ਮੌਕੇ ਲੈ ਕੇ ਪਹੁੰਚੀਆਂ ਹਨ। ਉਨਾਂ ਦੱਸਿਆ ਕਿ ਅੱਜ ਸਰਹਾਲੀ ਕਲਾਂ ਵਿਖੇ ਲਗਾਏ ਗਏ ਮੇਲੇ ਵਿਚ ਹੀ ਇਕ ਹਜ਼ਾਰ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਅਤੇ 19 ਵੱਖ-ਵੱਖ ਕੰਪਨੀਆਂ ਨੇ ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ ਕੀਤੀ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਈ ਨੌਜਵਾਨਾਂ ਨੇ ਸਵੈ ਰੋਜ਼ਗਾਰ ਲਈ ਦਿਲਚਸਪੀ ਵੀ ਵਿਖਾਈ ਹੈ ਅਤੇ ਇਸ ਸਬੰਧ ਵਿਚ ਵੱਖ-ਵੱਖ ਵਿਭਾਗਾਂ ਨੂੰ ਤਰੁੰਤ ਨੌਜਵਾਨਾਂ ਦੀ ਅਗਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਕੋਚਿੰਗ ਬਾਰੇ ਵੀ ਜਾਣਕਾਰੀ ਮੇਲਿਆਂ ਵਿਚ ਦਿੱਤੀ ਜਾ ਰਹੀ ਹੈ, ਤਾਂ ਕਿ ਨੌਜਵਾਨ ਆਪਣੇ ਆਪ ਨੂੰ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਆ ਰਹੀ ਭਰਤੀ ਲਈ ਤਿਆਰੀ ਕਰ ਸਕਣ। ਸ. ਕੁਲਵੰਤ ਸਿੰਘ ਨੇ ਦੱਸਿਆ ਕਿ 15 ਸਤੰਬਰ ਨੂੰ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਅਤੇ 17 ਸਤੰਬਰ ਨੂੰ ਮਾਝਾ ਕਾਲਜ ਤਰਤਨਾਰਨ ਵਿਖੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨਾਂ ਨੌਜਵਾਨਾਂ ਨੂੰ ਇੰਨਾਂ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਸ੍ਰੀ ਰਜਨੀਸ਼ ਅਰੋੜਾ, ਬੀ ਡੀ ਪੀ ਓ ਤਜਿੰਦਰ ਸਿੰਘ, ਪਿੰ੍ਰਸੀਪਲ ਜਸਬੀਰ ਸਿੰਘ, ਸ੍ਰੀਮਤੀ ਭਾਰਤੀ ਸ਼ਰਮਾ, ਸ੍ਰੀ ਅਮਰਜੀਤ ਖੰਨਾ, ਸ. ਪ੍ਰਭਜੋਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Spread the love