ਲੋਕਾਂ ਦੀ ਸੇਵਾ ਮੇਰਾ ਧਰਮ, ਮੈਂ ਇਸ ਤੋਂ ਕਦੇ ਪਿੱਛੇ ਨਹੀਂ ਹਟਾਂਗਾ – ਤ੍ਰਿਪਤ ਬਾਜਵਾ
ਬਟਾਲਾ, 19 ਜੁਲਾਈ 2021 ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾ ਸਦਕਾ ਬਟਾਲਾ ਲਾਗਲੇ ਪਿੰਡ ਧੁੱਪਸੜੀ ਦੀ ਬਿਜਲੀ ਸਪਲਾਈ ਦੀ ਸਮੱਸਿਆ ਹੱਲ ਹੋ ਗਈ ਹੈ। ਪਿੰਡ ਧੁੱਪਸੜੀ ਨੂੰ ਵੀ ਸ਼ਹਿਰੀ ਫੀਡਰ ਨਾਲ ਜੋੜਿਆ ਜਾਵੇਗਾ ਤਾਂ ਜੋ 24 ਘੰਟੇ ਨਿਰਵਿਗਨ ਬਿਜਲੀ ਸਪਲਾਈ ਮਿਲ ਸਕੇ। ਸ. ਬਾਜਵਾ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਨੇ ਪਿੰਡ ਧੁੱਪਸੜੀ ਨੂੰ ਸ਼ਹਿਰੀ ਫੀਡਰ ਨਾਲ ਜੋੜਨ ਦੀ ਕਾਰਵਾਈ ਅਰੰਭ ਕਰ ਦਿੱਤੀ ਹੈ।
ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਿੰਡ ਧੁੱਪਸੜੀ ਦੇ ਵਸਨੀਕਾਂ ਦੀ ਇਹ ਲੰਮੇ ਸਮੇਂ ਤੋਂ ਮੰਗ ਸੀ ਕਿ ਉਨ੍ਹਾਂ ਦੇ ਪਿੰਡ ਨੂੰ ਬਿਜਲੀ ਸਪਲਾਈ ਨੇੜੇ ਦੇ ਬਟਾਲਾ ਸ਼ਹਿਰੀ ਫੀਡਰ ਨਾਲ ਜੋੜਿਆ ਜਾਵੇ, ਕਿਉਂਕਿ ਪਿੰਡ ਨੂੰ ਬਿਜਲੀ ਸਪਲਾਈ ਪੇਂਡੂ ਫੀਡਰ ਤੋਂ ਮਿਲਣ ਕਾਰਨ ਗਰਮੀਆਂ ਵਿੱਚ ਜਾਂ ਫਸਲਾਂ ਪੱਕਣ ਦੇ ਸਮੇਂ ਬਿਜਲੀ ਦੇ ਕੱਟ ਲੱਗੇ ਰਹਿੰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਿੰਡ ਸ਼ਹਿਰ ਦੇ ਨਜ਼ਦੀਕ ਹੀ ਹੈ ਇਸ ਲਈ ਬਿਜਲੀ ਸਪਲਾਈ ਵੀ ਸ਼ਹਿਰੀ ਫੀਡਰ ਨਾਲ ਜੋੜ ਦਿੱਤੀ ਜਾਵੇ। ਸ. ਬਾਜਵਾ ਨੇ ਕਿਹਾ ਪਿੰਡ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਪਾਵਰਕਾਮ ਨੇ ਪਿੰਡ ਦੀ ਬਿਜਲੀ ਸਪਲਾਈ ਸ਼ਹਿਰੀ ਫੀਡਰ ਨਾਲ ਜੋੜਨੀ ਸ਼ੁਰੂ ਕਰ ਦਿੱਤੀ ਹੈ।
ਸ. ਬਾਜਵਾ ਨੇ ਕਿਹਾ ਕਿ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦਾ ਫਰਜ ਹੈ ਅਤੇ ਉਨ੍ਹਾਂ ਨੇ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਆਪਣੇ ਇਸ ਫਰਜ ਨੂੰ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਨਾਲ ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਨ ਵਿੱਚ ਉਨ੍ਹਾਂ ਨੇ ਆਪਣੀ ਪੂਰੀ ਵਾਹ ਲਗਾਈ ਹੈ ਅਤੇ ਅੱਜ ਵਿਕਾਸ ਪੱਖੋਂ ਬਟਾਲੇ ਸ਼ਹਿਰ ਦਾ ਮੁਹਾਂਦਰਾ ਬਦਲਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਉਨ੍ਹਾਂ ਦਾ ਧਰਮ ਹੈ ਅਤੇ ਉਹ ਇਸ ਤੋਂ ਕਦੀ ਪਿੱਛੇ ਨਹੀਂ ਹਟਣਗੇ।
ਇਸ ਮੌਕੇ ’ਤੇ ਸਰਪੰਚ ਬਲਜਿੰਦਰ ਕੌਰ, ਸੁਖਵਿੰਦਰ ਸਿੰਘ, ਲਖਬੀਰ ਸਿੰਘ ਮੈਂਬਰ ਪੰਚਾਇਤ, ਮੁਖਤਾਰ ਸਿੰਘ, ਗੁਰਬਚਨ ਸਿੰਘ, ਰਾਜਵਿੰਦਰ ਸਿੰਘ ਰਾਜੂ, ਜਸਕੀਰਤ ਸਿੰਘ, ਪ੍ਰੀਤਮ, ਪ੍ਰੀਤਮ ਲਾਲ, ਅਵਤਾਰ ਸਿੰਘ, ਕੁਲਬੀਰ ਸਿੰਘ, ਜਰਮਨਦੀਪ ਸਿੰਘ, ਹਰਪਾਲ ਸਿੰਘ, ਜਸਪਾਲ ਸਿੰਘ, ਬਲਵਿੰਦਰ ਸਿੰਘ ਫੌਜੀ, ਜਥੇਦਾਰ ਸਤਨਾਮ ਸਿੰਘ, ਮਾਸਟਰ ਬਲਵੀਰ ਸਿੰਘ, ਬੂਟਾ ਸਿੰਘ, ਜਰਮਨਦੀਪ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।