ਤ੍ਰਿਪਤ ਬਾਜਵਾ ਨੇ ਇੰਪਰੂਵਮੈਂਟ ਟਰੱਸਟ ਦੀ ਮਾਰਕਿਟ ਦੀ ਪਾਰਕਿੰਗ ਬਣਾਉਣ ਦੇ ਕੰਮ ਦਾ ਸ਼ੁਭ ਅਰੰਭ ਕੀਤਾ ਪੰਜਾਬ ਸਰਕਾਰ ਨੇ ਬਟਾਲਾ ਸ਼ਹਿਰ ਦਾ ਰਿਕਾਰਡ ਵਿਕਾਸ ਕੀਤਾ – ਤ੍ਰਿਪਤ ਬਾਜਵਾ

ਬਟਾਲਾ, 23 ਮਈ,2021 ਪੰਜਾਬ ਸਰਕਾਰ ਵੱਲੋਂ ਇਤਿਹਾਸਕ ਸ਼ਹਿਰ ਬਟਾਲਾ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬੀਤੀ ਸ਼ਾਮ ਰੋਡਵੇਜ਼ ਡੀਪੂ ਦੇ ਸਾਹਮਣੇ ਨਗਰ ਸੁਧਾਰ ਟਰੱਸਟ ਦੀ ਮਾਰਕਿਟ ਦੀ ਪਾਰਕਿੰਗ ਬਣਾਉਣ ਦੇ ਕੰਮ ਦਾ ਸ਼ੁਭ ਅਰੰਭ ਕੀਤਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ, ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ ਵੀ ਨਾਲ ਮੌਜੂਦ ਸਨ।
ਇਸ ਮੌਕੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਦਾ ਰਿਕਾਰਡ ਵਿਕਾਸ ਕੀਤਾ ਗਿਆ ਹੈ ਅਤੇ ਇਹ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿਕਾਸ ਦੀ ਰਾਹ ’ਤੇ ਹੈ ਅਤੇ ਜਿਨ੍ਹਾਂ ਵਿਕਾਸ ਪਿਛਲੇ ਚਾਰ ਸਾਲਾਂ ਵਿੱਚ ਹੋਇਆ ਹੈ ਓਨਾਂ ਵਿਕਾਸ ਅਕਾਲੀ-ਭਾਜਪਾ ਸਰਕਾਰਾਂ ਦਹਾਕਿਆਂ ਵਿੱਚ ਵੀ ਨਹੀਂ ਕਰਵਾ ਸਕੀਆਂ ਸਨ। ਉਨ੍ਹਾਂ ਕਿਹਾ ਕਿ ਬਟਾਲਾ ਦੇ ਹਰ ਇਲਾਕੇ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਸੀਵਰੇਜ, ਜਲ ਸਪਲਾਈ, ਸੜਕਾਂ ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੰਸਲੀ ਨਾਲੇ ਦੇ ਸੁੰਦਰੀਕਰਨ ਦਾ ਪ੍ਰੋਜੈਕਟ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅਖੀਰ ਤੱਕ ਸਾਰੇ ਪ੍ਰੋਜੈਕਟ ਮੁਕੰਮਲ ਹੋਣ ਨਾਲ ਬਟਾਲੇ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਜਾਵੇਗੀ। ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਟਾਲੇ ਸ਼ਹਿਰ ਦੇ ਲੋਕਾਂ ਦੀ ਇੱਛਾ ਅਨੁਸਾਰ ਕੰਮ ਕੀਤਾ ਹੈ ਅਤੇ ਲੋਕ ਵਿਕਾਸ ਕਾਰਜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।

 

Spread the love