ਤੰਬਾਕੂ ਸੇਵਨ ਬਣਦਾ ਹੈ ਅਨੇਕਾਂ ਬੀਮਾਰੀਆਂ ਦਾ ਕਾਰਨ-ਸਿਵਲ ਸਰਜਨ

ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਸਿਵਲ ਸਰਜਨ ਨੇ ਸਿਹਤ ਵਿਭਾਗ ਦੇ ਸਟਾਫ ਨੂੰ ਤੰਬਾਕੂ ਸੇਵਨ ਨਾ ਕਰਨ ਸਬੰਧੀ ਚੁਕਾਈ ਸੰਹੁ
ਫਿਰੋਜ਼ਪੁਰ 31 ਮਈ 2021   ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਾਜਿੰਦਰ ਰਾਜ ਦੀ ਅਗਵਾਈ ਹੇਠ ਜਿੱਥੇ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਵਿਭਾਗੀ ਹਿਦਾਇਤਾਂ ਅਨੁਸਾਰ ਢੁਕਵੀਆਂ ਕਾਰਵਾਈਆਂ ਜਾਰੀ ਹਨ ਉਥੇ ਹੋਰ ਸਮੂਹ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਵੀ ਮੁਕੰਮਲ ਤਵੱਜੋ ਦਿੱਤੀ ਜਾ ਰਹੀ ਹੈ। ਇਸੇ ਸਿਲਸਿਲੇ ਵਿੱਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਸਰਕਾਰੀ ਹਿਦਾਇਤਾਂ ਅਨੁਸਾਰ ਸਿਵਲ ਸਰਜਨ ਨੇ ਸਿਹਤ ਵਿਭਾਗ ਦੇ ਸਟਾਫ ਨੂੰ ਤੰਬਾਕੂ ਸੇਵਨ ਨਾ ਕਰਨ ਸਬੰਧੀ ਸੰਹੁ ਚੁਕਾਈ। ਵਿਸ਼ਵ ਤੰਬਾਕੂ ਵਿਰੋਧੀ ਦਿਵਸ ਨੂੰ ਸਮਰਪਿਤ ਗਤੀਵਿਧੀਆਂ ਦੇ ਸਿਲਸਿਲੇ ਵਿੱਚ ਸਹਾਇਕ ਸਿਵਲ ਸਰਜਨ ਡਾ:ਸੰਜੀਵ ਗੁਪਤਾ ਦੀ ਅਗਵਾਈ ਹੇਠ ਕੋਵਿਡ ਵੈਕਸੀਨੇਟਰਾਂ ਤੰਬਾਕੂ ਵਿਰੋਧੀ ਜਾਗਰੂਕਤਾ ਸੰਦੇਸ਼ ਵਾਲੀਆਂ ਟੀ ਸ਼ਰਟਾਂ ਵੀ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਸੰਜੀਵ ਗੁਪਤਾ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ:ਸੁਸ਼ਮਾ ਠੱਕਰ, ਫੂਡ ਸੇਫਟੀ ਅਫਸਰ ਹਰਿੰਦਰ ਸਿੰਘ, ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ, ਜ਼ਿਲਾ ਪ੍ਰੋਗਰਾਮ ਮੈਨੇਜਰ ਹਰੀਸ਼ ਕਟਾਰੀਆ ਅਤੇ ਵਿਕਾਸ ਕਾਲੜਾ ਹਾਜ਼ਰ ਸਨ।
ਜ਼ਿਲਾ ਤੰਬਾਕੂ ਕੰਟਰੋਲ ਸੈੱਲ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਵਿਭਾਗ ਵੱਲੋਂ ਜ਼ਿਲੇ ਅੰਦਰ ਕੋਟਪਾ ਐਕਟ ਨੂੰ ਲਾਗੂ ਕਰਵਾਉਣ ਲਈ ਲਗਾਤਾਰ ਢੁਕਵੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਨਤਕ ਸਥਾਨਾਂ ਤੇ ਤੰਬਾਕੂ ਸੇਵਨ ਇੱਕ ਸਜ਼ਾਯੋਗ ਅਪਰਾਧ ਹੈ ਅਤੇ ਵਿਭਾਗ ਵੱਲੋਂ ਸਮੇ ਸਮੇ ਤੇ ਇਸ ਸਬੰਦੀ ਚਲਾਨ ਵੀ ਕੱਟੇ ਜਾਂਦੇ ਹਨ। ਸਿਵਲ ਸਰਜਨ ਨੇ ਅੱਗੇ ਖੁਲਾਸਾ ਕੀਤਾ ਕਿ ਤੰਬਾਕੂ ਸੇਵਨ ਸਮੁੱਚੇ ਮਨੁੱਖੀ ਸ਼ਰੀਰ ਤੇ ਬਹੁਤ ਮਾੜੇ ਪ੍ਰਭਾਵ ਪਾਉਂਦਾ ਹੈ, ਇਸ ਦੀ ਵਰਤੋਂ ਨਾਲ ਦਿਲ, ਦਿਮਾਗ, ਗੁਰਦਿਆਂ, ਮਿਹਦੇ, ਸਾਹ ਪ੍ਰਣਾਲੀ ਅਤੇ ਪ੍ਰਜਨਣ ਪ੍ਰਣਾਲੀ ਤੇ ਮਾਰੂ ਪ੍ਰਭਾਵ ਪੈਂਦੇ ਹਨ। ਤੰਬਾਕੂ ਸੇਵਨ ਮੂੰਹ ਅਤੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਵੀ ਬਣਦਾ ਹੈ, ਤੰਬਾਕੂ ਸੇਵਨ ਨਾਲ ਸ਼ਰੀਰ ਦੀ ਇਮੂਨਿਟੀ ਘੱਟਦੀ ਹੈ ਅਤੇ ਇਸਦਾ ਲੰਬਾ ਸਮਾਂ ਸੇਵਨ ਸਮੁੱਚੀ ਸਿਹਤ ਵਿੱਚ ਨਿਘਾਰ ਦਾ ਕਾਰਨ ਬਣਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਵਿਡ-19 ਦੇ ਸੰਦਰਭ ਵਿੱਚ ਗੱਲ ਕੀਤੀ ਜਾਵੇ ਤਾਂ ਜਿੱਥੇ ਤੰਬਾਕੂ ਸੇਵਨ ਨਾਲ ਘਟੀ ਹੋਈ ਇਮੂਨਿਟੀ ਕਰੋਨਾ ਕੇਸਾਂ ਵਿੱਚ ਘਾਤਕ ਸਾਬਿਤ ਹੁੰਦੀ ਹੈ ਉਥੇ ਮੂੰਹ ਰਾਹੀਂ ਚਬਾ ਕੇ ਤੰਬਾਕੂ ਸੇਵਨ ਕਰਨ ਨਾਲ ਵਿਅਕਤੀਆਂ ਨੂੰ ਵਾਰ ਵਾਰ ਥੁੱਕਣਾ ਪੈਂਦਾ ਹੈ ਜੋ ਕਰੋਨਾ ਰੋਗ ਦੇ ਫੈਲਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਡਾ: ਰਾਜਿੰਦਰ ਰਾਜ ਨੇ ਕਿਹਾ ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਤੰਬਾਕੂ ਸੇਵਨ ਛੁਡਾੳਣ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮੁਫਤ ਉਪਲੱਬਧ ਹਨ ਇੱਥੇ ਮੁਫਤ ਕਾਊਂਸਲਿੰਗ ਅਤੇ ਦਵਾਈਆਂ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਵਿਅਕਤੀ ਮਜ਼ਬੂਤ ਇੱਛਾਸ਼ਕਤੀ ਅਤੇ ਢੁਕਵੇ ਡਾਕਟਰੀ ਇਲਾਜ ਨਾਲ ਤੰਬਾਕੂ ਸੇਵਨ ਦੀ ਭੈੜੀ ਆਦਤ ਤੋਂ ਛੁਟਕਾਰਾ ਪਾ ਸਕਦਾ ਹੈ।

Spread the love