ਅਗਰਵਾਲ ਪਰਿਵਾਰ ਨੇ ਪ੍ਰਸਾਸ਼ਨ ਨੂੰ ਦਿੱਤੇ 10 ਵੈਂਟੀਲੇਟਰ
ਅੰਮ੍ਰਿਤਸਰ, 12 ਜੂਨ 2021
ਕੋਵਿਡ 19 ਦੀ ਸਥਿਤੀ ਦਾ ਸਾਹਮਣਾ ਕਰਨ ਲਈ ਕਈ ਐਨ:ਜੀ:ਓਜ਼ ਅਤੇ ਕਈ ਦਾਨੀ ਸੱਜਣਾਂ ਵੱਲੋਂ ਪ੍ਰਸਾਸ਼ਨ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੇ ਸਹਿਯੋਗ ਦੀ ਬਦੌਲਰ ਹੀ ਕਰੋਨਾ ਵਰਗੀ ਮਹਾਂਮਰੀ ਤੇ ਕਾਬੂ ਪਾਇਆ ਜਾ ਸਕਿਆ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਅੱਜ ਸਥਾਨਕ ਸਰਕਟ ਹਾਊਸ ਵਿਖੇ ਅਗਰਵਾਲ ਪਰਿਵਾਰ ਦਿੱਲੀ ਵੱਲੋਂ 10 ਵੈਂਟੀਲੇਟਰ ਪ੍ਰਾਪਤ ਕਰਨ ਸਮੇਂ ਕੀਤਾ। ਸ੍ਰੀ ਸੋਨੀ ਨੇ ਦੱਸਿਆ ਕਿ ਅਗਰਵਾਲ ਪਰਿਵਾਰ ਵੱਲੋਂ 5 ਵੈਂਟੀਲੇਟਰ ਮੈਡੀਕਲ ਕਾਲਜ ਅੰਮ੍ਰਿਤਸਰ, 3 ਮੁਹਾਲੀ ਅਤੇ 2 ਮਾਤਾ ਕੌਲਾ ਮਿਸ਼ਨ ਹਸਪਤਾਲ ਨੂੰ ਦਿੱਤੇ ਹਨ। ਸ੍ਰੀ ਸੋਨੀ ਵੱਲੋਂ ਅਗਰਵਾਲ ਪਰਵਿਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆਂ ਜਾਂਦਾ ਹੈ।
ਇਸ ਮੌਕੇ ਚਮਨ ਲਾਲ ਸੇਤੀਆ ਰਾਈਸ ਮਿਲ ਦੇ ਮਾਲਕ ਰਾਜੀਵ ਸੇਤੀਆ ਵੱਲੋਂ ਸ੍ਰੀ ਸੋਨੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਜੇਕਰ ਉਨ੍ਹਾਂ ਨੂੰ ਮੈਡੀਕਲ ਕਾਲਜ ਵਿਖੇ ਕੁਝ ਜਗ੍ਹਾ ਦੇ ਦਿੱਤੀ ਜਾਵੇ ਤਾਂ ਉਹ ਆਪਣੇ ਵੱਲੋਂ ਉਸ ਜਗ੍ਹਾ ਤੇ ਲੋਕ ਭਲਾਈ ਲਈ ਇਕ ਲੈਬਾਰਟਰੀ ਦੀ ਸਥਾਪਨਾ ਕਰਨਗੇ ਜਿਥੇ ਸਾਰੇ ਲੋੜਵੰਦ ਲੋਕਾਂ ਦੇ ਮੁਫ਼ਤ ਟੈਸਟ ਕੀਤੇ ਜਾਣਗੇ। ਇਸ ਮੌਕੇ ਸ੍ਰੀ ਸੋਨੀ ਨੇ ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਆਦੇਸ਼ ਦਿੱਤੇ ਕਿ ਇਸ ਕੰਮ ਤੇ ਤੁਰੰਤ ਕਾਰਵਾਈ ਕੀਤੀ ਜਾਵੇ । ਸ੍ਰੀ ਸੋਨੀ ਨੇ ਸੇਤੀਆ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਪਿਛਲੇ 3-4 ਸਾਲਾਂ ਤੋਂ ਐਮਰਜੈਂਸੀ ਵਾਰਡ ਵਿੱਚ ਦਾਖਲ ਹੋਣ ਵਾਲੇ ਗਰੀਬ ਵਿਅਕਤੀਆਂ ਨੂੰ ਮੁਫਤ ਦਵਾਈਆਂ ਭੇਂਟ ਕੀਤੀਆਂ ਜਾਂਦੀਆਂ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਸ੍ਰੀ ਸੋਨੀ ਨੇ ਜਿਲੇ੍ਹ ਦੀਆਂ ਸਮੂਹ ਐਨ:ਜੀ:ਓਜ ਅਤੇ ਦਾਨੀ ਸੱਜਣਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਮੁਨੱਖਤਾ ਦੀ ਸੇਵਾ ਲਈ ਅੱਗੇ ਆਉਣ ਤਾਂ ਜੋ ਇਸ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ, ਪੁਲਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਹਿੰਮਾਸ਼ੂ ਅਗਰਵਾਲ,ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕੋਮਲ ਮਿੱਤਲ,ਪ੍ਰਿੰਸੀਪਲ ਮੈਡੀਕਲ ਕਾਲਜ ਸ਼੍ਰੀ ਰਾਜੀਵ ਦੇਵਗਨ,ਮੈਡੀਕਲ ਸੁਪਰਡੈਟ ਡਾ: ਕੇ ਡੀ ਸਿੰਘ, ਕੌਂਸਲਰ ਵਿਕਾਸ ਸੋਨੀ, ਸ੍ਰੀ ਅਸ਼ੋਕ ਸੇਠੀ, ਸ੍ਰੀ ਰਾਜੀਵ ਸੇਤੀਆ ਵੀ ਹਾਜ਼ਰ ਸਨ।
ਅਗਰਵਾਲ ਪਰਿਵਾਰ ਦਿੱਲੀ ਵੱਲੋਂ ਭੇਂਟ ਕੀਤੇ ਗਏ 10 ਵੈਂਟੀਲੇਟਰ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਪ੍ਰਾਪਤ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ, ਪੁਲਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ।