ਫਾਜ਼ਿਲਕਾ 10 ਸਤੰਬਰ 2021
ਜ਼ਿਲ੍ਹਾ ਸਿਖਿਆ ਅਫਸਰ (ਐਲੀਮੈਂਟਰ/ਸੈਕੰਡਰੀ) ਡਾ. ਸੁਖਵੀਰ ਸਿੰਘ ਬੱਲ ਨੇ ਦੱਸਿਆ ਕਿ ਦਿਵਿਆਂਗਜਨ ਬਚਿਆਂ ਦੀ ਸ਼ਨਾਖਤ ਅਤੇ ਜਾਂਚ ਲਈ ਬਲਾਕ ਵਾਈਜ਼ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਬੋਹਰ ਵਿਖੇ ਮੈਡੀਕਲ ਕੈਂਪ 18 ਸਤੰਬਰ ਨੂੰ, 20 ਸਤੰਬਰ ਨੂੰ ਜਲਾਲਾਬਾਦ ਵਿਖੇ ਅਤੇ 21 ਸਤੰਬਰ ਨੂੰ ਫਾਜ਼ਿਲਕਾ ਵਿਖੇ ਕੈਂਪ ਲਗਾਇਆ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗੀਤਾ ਗੋਸਵਾਮੀ, ਜਿਲ੍ਹਾ ਸਪੈਸ਼ਲ ਐਜੂਕੇਟਰ, ਫਾਜਿਲਕਾ ਨੇ ਦੱਸਿਆ ਕਿ ਇਹ ਕੈਂਪ ਆਰਟੀਫਿਸ਼ਲ ਲਿੰਬ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਟੀਮ ਦੇ ਸਹਿਯੋਗ ਦੇ ਨਾਲ ਆਯੋਜਿਤ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਸਕੂਲ ਵਿਖੇ ਪਹਿਲੀ ਤੋਂ ਬਾਰਵੀ ਜਮਾਤ ਤੱਕ ਦੇ ਪੜ੍ਹਦੇ ਦਿਵਿਆਂਗਜਨ ਬਚਿਆਂ ਅਤੇ ਸਕੂਲੀ ਬਚਿਆਂ ਤੋਂ ਇਲਾਵਾ 6 ਸਾਲ ਤੋਂ 14 ਸਾਲ ਤੱਕ ਦੇ ਦਿਵਿਆਂਗਜਨਾਂ ਦੀ ਸ਼ਨਾਖਤ ਤੇ ਜਾਂਚ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਦਿਵਿਆਂਗਜਨਾਂ ਨੂੰ ਆਰਟੀਫਿਸ਼ਲ ਅੰਗ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ 18 ਸਤੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਅਬੋਹਰ, 20 ਸਤੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਾਬਾਦ ਵਿਖੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਫਾਜ਼ਿਲਕਾ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪਾਂ ਵਿੱਚ ਵੱਖ ਵੱਖ ਕੈਟਾਗਰੀ ਆਦਿ ਦੇ ਬੱਚਿਆਂ ਦੀ ਅਸੈਸਮੈਂਟ ਆਰਟੀਫਿਸ਼ਲ ਲਿੰਬ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਟੀਮ ਅਤੇ ਡਾਕਟਰਾਂ ਵੱਲੋਂ ਕੀਤੀ ਜਾਣੀ ਹੈ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਸਹਾਇਕ ਉਪਕਰਨ ਜਿਵੇਂ ਕਿ ਵੀਲ੍ਹ ਚੇਅਰ, ਟਰਾਈ ਸਾਈਕਲ, ਹੀਈਰਿੰਗ ਏਡ, ਰੋਲੈਟਰ, ਕੈਲੀਪਰ, ਸਮਾਰਟ ਕੈਨ, ਬਲਾਇੰਡ ਕਿੱਟ, ਐਮ.ਆਰ ਕਿੱਟ, ਵੈਸਾਖੀਆਂ, ਬਣਾਉਟੀ ਅੰਗ, ਡੇਜੀ ਪਲੇਅਰ ਆਦਿ ਦੇਣ ਦੀ ਸਿਫ਼ਾਰਿਸ਼ ਕੀਤੀ ਜਾਵੇਗੀ ।
ਉਨ੍ਹਾਂ ਬੱਚਿਆਂ ਤੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੈਂਪਾਂ ਦੌਰਾਨ ਕੋਵਿਡ 19 ਦੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ, ਮੂੰਹ ਤੇ ਮਾਸਕ ਜ਼ਰੂਰ ਪਾਇਆ ਜਾਵੇ ਅਤੇ ਸਮਾਜਿਕ ਦੂਰੀ ਵੀ ਬਰਕਰਾਰ ਰੱਖੀ ਜਾਵੇ ।