ਵੱਖ ਵੱਖ ਸਕੀਮਾਂ ਦਾ ਲਾਭ ਲੈਣ ਲਈ ਯੂਡੀਆਈਡੀ ਕਾਰਡ ਲਈ ਅਪਲਾਈ ਕਰਨ ਦਾ ਸੱਦਾ
ਬਰਨਾਲਾ, 14 ਜੁਲਾਈ 2021
ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਲਈ ਵਿਲੱਖਣ ਪਛਾਣ ਪੱਤਰ (ਯੂਡੀਆਈਡੀ ਕਾਰਡ) ਬਣਾਏ ਜਾ ਰਹੇ ਹਨ, ਤਾਂ ਜੋ ਇਕੋ ਕਾਰਡ ਰਾਹੀਂ ਵੱਖ ਵੱਖ ਸਕੀਮਾਂ ਦਾ ਲਾਭ ਮਿਲ ਸਕੇ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ ਨੇ ਆਪਣੇ ਦਫਤਰ ਵਿਖੇ ਵੱਖ ਵੱਖ ਵਿਭਾਗਾਂ ਨਾਲ ਦਿਵਿਆਂਗ ਵਿਅਕਤੀਆਂ ਲਈ ਵਿਸ਼ੇਸ਼ ਪਛਾਣ ਪੱਤਰ (ਯੂਡੀਆਈਡੀ ਕਾਰਡ) ਸਬੰਧੀ ਮੀਟਿੰਗ ਦੌਰਾਨ ਕੀਤਾ। ਉਨਾਂ ਆਖਿਆ ਕਿ ਯੂਡੀਆਈਡੀ ਕਾਰਡ ਬਣਾਉਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਆਉਦੇ ਦਿਨੀਂ ਜ਼ਿਲੇ ਵਿਚ ਵਿਸ਼ੇਸ਼ ਕੈਂਪ ਵੀ ਲਾਏ ਜਾਣਗੇ, ਜਿਸ ਸਬੰਧੀ ਵੱਖ ਵੱਖ ਵਿਭਾਗ ਆਪਣੀ ਤਿਆਰ ਕਰ ਲੈਣ। ਇਸ ਮੌਕੇ ਉਨਾਂ ਖੁਸ਼ਹਾਲੀ ਦੇ ਰਾਖਿਆਂ (ਜੀਓਜੀ) ਵੱਲੋਂ ਪਿੰਡਾਂ ਵਿੱਚ ਲੋਕਾਂ ਨੂੰ ਸਕੀਮਾਂ ਦਾ ਲਾਭ ਦਿਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਯੂਡੀਆਈਡੀ ਕਾਰਡ ਵਾਸਤੇ www.swablambancard.gov.in ’ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਯੂਡੀਆਈਡੀ ਕਾਰਡ ਪੂਰੇ ਭਾਰਤ ਵਿਚ ਵੱਖ-ਵੱਖ ਸਕੀਮਾਂ ਅਧੀਨ ਵੱਖ-ਵੱਖ ਲਾਭ ਲੈਣ ਲਈ ਦਿਵਿਆਂਗ ਵਿਅਕਤੀਆਂ ਦੀ ਪਛਾਣ, ਤਸਦੀਕ ਕਰਨ ਦਾ ਇੱਕੋ-ਇੱਕ ਦਸਤਾਵੇਜ਼ ਹੋਵੇਗਾ। ਰਜਿਸਟ੍ਰੇਸ਼ਨ ਲਈ ਜ਼ਰੂਰੀ ਦਸਤਾਵੇਜ਼ਾਂ ਵਿਚ ਪਾਸਪੋਰਟ ਸਾਈਜ਼ ਫੋਟੋ, ਮੈਡੀਕਲ ਸਰਟੀਫਿਕੇਟ, ਘਰ ਦੇ ਪਤੇ ਦਾ ਸਬੂਤ ਜਿਵੇਂ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਸਕੈਨ ਕੀਤੀ ਕਾਪੀ ਲੋੜੀਂਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਬੈਂਬੀ ਨੇ ਅਪੀਲ ਕੀਤੀ ਕਿ ਦਿਵਿਆਂਗ ਵਿਅਕਤੀ ਯੂਡੀਆਈਕਾਰਡ ਲਈ ਜ਼ਰੂਰ ਅਪਲਾਈ ਕਰਨ ਤਾਂ ਜੋ ਉਹ ਆਉਦੇ ਸਮੇਂ ਵਿਚ ਇਸ ਕਾਰਡ ਨਾਲ ਜੁੜਨ ਵਾਲੀਆਂ ਵੱਖ ਵੱਖ ਸਰਕਾਰੀ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਣ।
ਇਸ ਮੌਕੇ ਜੀਓਜੀ ਜ਼ਿਲਾ ਹੈੱਡ ਰਿਟਾ. ਲੈਫਟੀਨੈਂਟ ਕਰਨਲ ਲਾਭ ਸਿੰਘ, ਸਕੱਤਰ ਜ਼ਿਲਾ ਰੈੈਡ ਕ੍ਰਾਸ ਸੁਸਾਇਟੀ ਸਰਵਣ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਦਫਤਰ ਤੋਂ ਸ੍ਰੀ ਮੁਕੇਸ਼ ਤੇ ਸਿਹਤ ਵਿਭਾਗ ਸਣੇ ਹੋਰ ਵਿਭਾਗਾਂ ਤੋਂ ਅਧਿਕਾਰੀ ਹਾਜ਼ਰ ਸਨ।