ਬਰਨਾਲਾ,3 ਅਗਸਤ 2021 ਜਾਅਲੀ ਅੰਗਹੀਣਤਾ ਸਰਟੀਫੀਕੇਟ ਨਾਲ ਹੈਲਥ ਵਰਕਰ ਤੋਂ ਹੈਲਥ ਸੁਪਰਵਾਇਜਰ ਦੀ ਲਈ ਸੀ ਤਰੱਕੀ
ਪਿਛਲੇ ਦਿਨੀਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਵੱਲੋਂ ਇਕ ਦਫਤਰੀ ਹੁਕਮ ਜਾਰੀ ਕੀਤਾ ਗਿਆ ਸੀ ਕਿ ਸਿਹਤ ਵਿਭਾਗ ਵਿੱਚ ਕੰਮ ਕਰਦੇ ਹਰੇਕ ਅੰਗਹੀਣ ਅਧਿਕਾਰੀ/ਕਰਮਚਾਰੀ ਦੀ ਅੰਗਹੀਣ ਸਰਟੀਫੀਕੇਟ ਦੀ ਜਾਂਚ ਕੀਤੀ ਜਾਵੇਗੀ।ਹੁਕਮਾਂ ਦੀ ਪਾਲਣਾ ਕਰਦਿਆਂ ਸਿਹਤ ਵਿਭਾਗ ਵੱਲੋਂ ਸਾਰਿਆਂ ਸਰਟੀਫੀਕੇਟ ਦੀ ਪੜਚੋਲ ਕੀਤੀ ਗਈ ਤਾਂ ਉਹਨਾਂ ਵਿੱਚੋਂ ਦੋ ਕਰਮਚਾਰੀਆਂ ਦੇ ਅੰਗਹੀਣ ਸਰਟੀਫੀਕੇਟ ਸ਼ੱਕੀ ਪਾਏ ਗਏ ਸਨ ਜਿਨ੍ਹਾਂ ਵਿੱਚੋਂ ਇਕ ਕਰਮਚਾਰੀ ਤੇ ਕਾਰਵਾਈ ਕਰਦਿਆਂ ਕਲਰਕ ਦੀ ਆਸਾਮੀ `ਤੇ ਦਿੱਤੀ ਗਈ ਪਦਉੱਨਤੀ ਵਾਪਿਸ ਲੈ ਲਈ ਸੀ ਅਤੇ ਹੁਣ ਦੂਸਰੇ ਕਰਮਚਾਰੀ ਜਿਸ ਵੱਲੋਂ 50 ਫੀਸਦੀ ਦਾ ਅੰਗਹੀਣ ਸਰਟੀਫੀਕੇਟ ਲਗਾ ਕੇ ਤਰੱੱਕੀ ਲਈ ਗਈ ਸੀ, ਦਾ ਮੁੜ ਜਾਂਚ ਤੋਂ ਬਾਅਦ ਮਹਿਜ 36 ਫੀਸਦੀ ਪਾਇਆ ਗਿਆ ਹੈ ਜੋ ਕਿ ਅੰਗਹੀਣ ਕੋਟੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ।
ਡਾ ਜਸਬੀਰ ਸਿੰਘ ਔਲ਼ਖ ਨੇ ਦੱਸਿਆ ਕਿ ਦੂਸਰੇ ਸ਼ੱਕੀ ਪਾਏ ਗਏ ਸਿਹਤ ਵਿਭਾਗ ਬਲਾਕ ਧਨੌਲਾ ਦੇ ਇਕ ਕਰਮਚਾਰੀ ਦਾ ਅੰਗਹੀਣ ਸਰਟੀਫੀਕੇਟ ਵੈਰੀਫਾਈ ਕਰਨ ਲਈ ਮੈਡੀਕਲ ਕਾਲਜ ਪਟਿਆਲਾ ਨੂੰ ਭੇਜਿਆ ਗਿਆ ਸੀ ਅਤੇ ਮੁੜ ਜਾਂਚ ਤੋਂ ਬਾਅਦ ਅੰਗਹੀਣ ਫੀਸਦੀ ਵਿੱਚ 40 ਫੀਸਦੀ ਤੋਂ ਘੱਟ ਪਾਇਆ ਗਿਆ ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਬੰਧਤ ਕਰਮਚਾਰੀ ਵੱਲੋਂ 50 ਫੀਸਦੀ ਦਾ ਜਾਅਲੀ ਅੰਗਹੀਣ ਸਰਟੀਫਿਕੇਟ ਲਗਾ ਕੇ ਸਾਲ 2016 ਵਿੱਚ ਮਲਟੀਪਰਪਜ ਹੈਲਥ ਵਰਕਰ ਤੋਂ ਮਲਟੀਪਰਪਜ ਹੈਲਥ ਸੁਪਰਵਾਇਜਰ ਦੀ ਤਰੱਕੀ ਲੈ ਲਈ ਗਈ ਸੀ।ਪਰ ਸਿਵਲ ਸਰਜਨ ਬਰਨਾਲਾ ਵੱਲੋਂ ਵਿਭਾਗ ਦੇ ਅੰਗਹੀਣ ਕਰਮਚਾਰੀਆਂ ਦੇ ਸਰਟੀਫਿਕੇਟ ਦੀ ਮੁੜ ਜਾਂਚ ਦੌਰਾਨ ਸਬੰਧਤ ਕਰਮਚਾਰੀ ਦੀ ਅੰਗਹੀਣਤਾ ਕੇਵਲ 36 ਫੀਸਦੀ ਪਾਈ ਗਈ ਹੈ ਜੋ ਕਿ ਤਰੱਕੀ ਲਈ 40 ਫੀਸਦੀ ਅੰਗਹੀਣਤਾ ਵਾਲੀ ਸ਼ਰਤ ਨੂੰ ਪੂਰਾ ਨਹੀਂ ਕਰਦਾ ।ਇਸ ਲਈ ਸਿਵਲ ਸਰਜਨ ਬਰਨਾਲਾ ਵੱਲੋਂ ਸਬੰਧਤ ਕਰਮਚਾਰੀ ਵਿਰੁੱਧ ਕਾਰਵਾਈ ਕਰਨ ਲਈ ਪਿਛਲਾ ਸਰਵਿਸ ਰਿਕਾਰਡ ਘੋਖਿਆ ਜਾ ਰਿਹਾ ਹੈ।