ਨਗਰ ਨਿਗਮ ਨੇ ‘ਗਰੀਨ ਬਟਾਲਾ’ ਮੁਹਿੰਮ ਤਹਿਤ ਸ਼ਹਿਰ ਵਿੱਚ ਛਾਂ-ਦਾਰ ਅਤੇ ਫ਼ਲ-ਦਾਰ ਬੂਟੇ ਲਗਾਉਣੇ ਸ਼ੁਰੂ ਕੀਤੇ

ਬਟਾਲਾ, 1 ਅਗਸਤ 2021 ਬਟਾਲਾ ਸ਼ਹਿਰ ਵਿੱਚ ਹਰਿਆਵਲ ਲਿਆਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਨਗਰ ਨਿਗਮ ਬਟਾਲਾ ਵੱਲੋਂ ਯਤਨ ਲਗਾਤਾਰ ਜਾਰੀ ਹਨ। ਨਗਰ ਨਿਗਮ ਬਟਾਲਾ ਵੱਲੋਂ ਅੱਜ ‘ਗਰੀਨ ਬਟਾਲਾ’ ਮੁਹਿੰਮ ਤਹਿਤ ਸ਼ਹਿਰ ਦੀਆਂ ਵੱਖ-ਵੱਖ ਪਾਰਕਾਂ, ਸੜਕਾਂ ਕਿਨਾਰੇ ਅਤੇ ਜਨਤਕ ਥਾਵਾਂ ’ਤੇ ਛਾਂ-ਦਾਰ ਅਤੇ ਫ਼ਲ-ਦਾਰ ਬੂਟੇ ਲਗਾਏ ਗਏ। ਅੱਜ ਸਥਾਨਕ ਸੁਭਾਸ਼ ਪਾਰਕ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ ਹਰਪੁਰਾ, ਨਗਰ ਨਿਗਮ ਬਟਾਲਾ ਦੇ ਸੁਪਰਡੈਂਟ ਨਿਰਮਲ ਸਿੰਘ, ਸੀ.ਐੱਫ. ਅਜੇ ਕੁਮਾਰ, ਮੋਟੀਵੇਟਰ ਅਨੁਰਾਗ ਮਹਿਤਾ, ਮੋਟੀਵੇਟਰ ਹੈਪੀ ਅਤੇ ਨਿਗਮ ਦੇ ਹੋਰ ਕਰਮਚਾਰੀਆਂ ਨੇ ਪੌਦੇ ਲਗਾਏ।
ਇਸ ਮੌਕੇ ਨਗਰ ਨਿਗਮ ਬਟਾਲਾ ਦੇ ਸੁਪਰਡੈਂਟ ਨਿਰਮਲ ਸਿੰਘ ਨੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਹਰਾ-ਭਰਾ ਬਣਾਉਣ ਲਈ ਨਗਰ ਨਿਗਮ ਦੇ ਉਪਰਾਲੇ ਜਾਰੀ ਹਨ ਅਤੇ ਲੋਕਾਂ ਵਿੱਚ ਜਾਗਰੂਕਤਾ ਲਿਆਂਦੀ ਜਾ ਰਹੀ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਦੇਖ-ਭਾਲ ਕਰਨ। ਉਨ੍ਹਾਂ ਕਿਹਾ ਕਿ ਧਰਤੀ ਉੱਪਰ ਜੇਕਰ ਜੀਵਨ ਹੈ ਤਾਂ ਇਹ ਰੁੱਖਾਂ ਦੀ ਬਦੌਲਤ ਹੀ ਹੈ ਅਤੇ ਰੁੱਖਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਆਪਣੇ ਸ਼ਹਿਰ ਨੂੰ ਗਰੀਨ ਤੇ ਕਲੀਨ ਰੱਖਣਾ ਹਰ ਸ਼ਹਿਰੀ ਦਾ ਫਰਜ ਹੈ ਅਤੇ ਸਾਨੂੰ ਹਰ ਕਿਸੇ ਨੂੰ ਇਸ ਫਰਜ ਦੀ ਪੂਰਤੀ ਕਰਨੀ ਚਾਹੀਦੀ ਹੈ।
ਇਸ ਮੌਕੇ ਕਮਿਊਨਿਟੀ ਫੈਸਲੀਟੇਟਰ ਅਜੇ ਕੁਮਾਰ ਨੇ ਕਿਹਾ ਕਿ ਜਿਥੇ ਬਟਾਲਾ ਸ਼ਹਿਰ ਨੂੰ ਸਫ਼ਾਈ ਪੱਖੋਂ ਠੀਕ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ ਉਥੇ ਇਸ ਬਰਸਾਤੀ ਮੌਸਮ ਵਿੱਚ ਵੱਧ ਤੋਂ ਵੱਧ ਪੌਦੇ ਵੀ ਲਗਾਏ ਜਾ ਰਹੇ ਹਨ ਤਾਂ ਜੋ ਸ਼ਹਿਰ ਵਿੱਚ ਹਰਿਆਵਲ ਵਧਣ ਨਾਲ ਵਾਤਾਵਰਨ ਸ਼ੁੱਧ ਹੋ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਮੁਹਿੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ।

Spread the love