ਰੂਪਨਗਰ, 11 ਅਗਸਤ 2024
ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਫਤਰ ਸਿਵਲ ਸਰਜਨ ਸਥਿੱਤ ਟਰੇਨਿੰਗ ਸੈਂਟਰ ਵਿਖੇ ਨਰਸਿੰਗ ਕਾਲਜ਼ ਦੀਆਂ ਵਿਦਿਆਰਥਣਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ, ਹੈਪੇਟਾਈਟਸ ਅਤੇ ਟੈਲੀਮਾਨਸ ਸਬੰਧੀ ਜਾਗਰੂਕ ਕਰਨ ਦੇ ਲਈ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਾਊਂਸਲਰ ਜਸਜੀਤ ਕੌਰ ਨੇ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿੱਚ ਧਸਦੀ ਜਾ ਰਹੀ ਹੈ। ਨਸ਼ਾ ਕਰਨ ਦੇ ਨਾਲ ਜਿਥੇ ਵਿਅਕਤੀ ਦਾ ਸ਼ਰੀਰਕ ਅਤੇ ਆਰਥਿਕ ਨੁਕਸਾਨ ਹੁੰਦਾ ਹੈ ਉਥੇ ਉਸ ਦੀ ਸਮਾਜ਼ ਵਿੱਚ ਵੀ ਇੱਜ਼ਤ ਘਟਦੀ ਹੈ। ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਹੋ ਕੇ ਨਸ਼ਾ ਛੱਡ ਸਕਦਾ ਹੈ।
ਇਸ ਲਈ ਆਪਣੇ ਆਪਣੇ ਏਰੀਏ ਵਿੱਚ ਨਸ਼ਾ ਮੁਕਤੀ ਕੇਂਦਰ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜ਼ੋਂ ਨਸ਼ਿਆਂ ਦੇ ਨਾਲ ਆਪਣੀ ਜਿੰਦਗੀ ਬਰਬਾਦ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਮੁਕਤ ਕਰਕੇ ਨਵੀਂ ਜਿੰਦਗੀ ਜਿਊਣ ਦਾ ਮੌਕਾ ਮਿਲ ਸਕੇ। ਇਸ ਤਰ੍ਹਾਂ ਹੈਪੇਟਾਈਟਸ ਸੀ ਦਾ ਇਲਾਜ਼ ਸਿਵਲ ਹਸਪਤਾਲ ਵਿਖੇ ਮੁਫਤ ਕੀਤਾ ਜਾਂਦਾ ਹੈ। ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਪੀੜ੍ਹਤ ਮਰੀਜ਼ਾਂ ਨੂੰ ਹਸਪਤਾਲ ਵਿੱਚ ਆਪਣਾ ਇਲਾਜ਼ ਕਰਵਾਉਣ ਦੇ ਲਈ ਭੇਜਿਆ ਜਾਵੇ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਰਾਜ ਰਾਣੀ ਨੇ ਦੱਸਿਆ ਕਿ ਸਰਕਾਰ ਦੁਆਰਾ ਟੈਲੀਮਾਨਸ ਪ੍ਰਦਾਨ ਕੀਤੀ ਗਈ ਸੇਵਾ ਹੈ, ਜਿਸ ਵਿੱਚ ਤੁਸੀਂ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਮਾਨਸਿਕ ਸਿਹਤ ਮਾਹਿਰਾਂ ਨਾਲ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹੋ। ਫ਼ੋਨ ਰਾਹੀਂ ਤੁਹਾਡੇ ਨਾਲ ਜੁੜੇ ਮਾਹਿਰ ਤੁਹਾਡੀਆਂ ਸਮੱਸਿਆਵਾਂ ਸੁਣਨਗੇ ਅਤੇ ਕਾਉਂਸਲੰਿਗ ਰਾਹੀਂ ਤੁਹਾਨੂੰ ਤੁਰੰਤ ਰਾਹਤ ਦੇਣ ਦੀ ਕੋਸ਼ਿਸ਼ ਕਰਨਗੇ। ਜੇ ਉਹ ਮਹਿਸੂਸ ਕਰਦੇ ਹਨ ਕਿ ਤੁਹਾਨੂੰ ਉਹਨਾਂ ਨੂੰ ਆਹਮੋ-ਸਾਹਮਣੇ ਮਿਲਣ ਦੀ ਲੋੜ ਹੈ, ਤਾਂ ਉਹ ਇੱਕ ਮੁਲਾਕਾਤ ਕਰਨਗੇ ਜਾਂ ਤੁਹਾਨੂੰ ਤੁਹਾਡੇ ਖੇਤਰ ਦੇ ਨੇੜੇ ਮਾਨਸਿਕ ਸਿਹਤ ਮਾਹਰ ਕੋਲ ਭੇਜ ਦੇਣਗੇ।
ਉਨ੍ਹਾਂ ਕਿਹਾ ਕਿ ਇਸ ਟੈਲੀ ਮਾਨਸ ਸੇਵਾ ਦਾ ਲਾਭ ਲੈਣ ਲਈ ਤੁਹਾਨੂੰ 14416 ਜਾਂ 1800-891-4416 ਉੋਤੇ ਕਾਲ ਕਰਨੀ ਪਵੇਗੀ। ਫਿਰ ਤੁਹਾਡੀ ਕਾਲ ਉਸ ਖੇਤਰ ਦੇ ਕਿਸੇ ਮਾਨਸਿਕ ਸਿਹਤ ਮਾਹਰ ਨੂੰ ਟ੍ਰਾਂਸਫਰ ਕੀਤੀ ਜਾਵੇਗੀ ਜਿੱਥੇ ਤੁਸੀਂ ਰਹਿੰਦੇ ਹੋ, ਤਾਂ ਜੋ ਤੁਸੀਂ ਆਪਣੀ ਭਾਸ਼ਾ ਵਿੱਚ ਆਪਣੇ ਨਜ਼ਦੀਕੀ ਮਾਹਿਰਾਂ ਨਾਲ ਗੱਲ ਕਰ ਸਕੇ।
ਇਸ ਮੌਕੇ ਰਿਤੂ ਅਤੇ ਸਰਬਜੀਤ ਸਿੰਘ ਦੋਵੇਂ ਡਿਪਟੀ ਮਾਸ ਮੀਡੀਆ ਅਫਸਰ, ਮੀਨਾਕਸ਼ੀ ਸੋਨੀ , ਸੁਖਵਿੰਦਰ ਕੌਰ ਲੈਕਚਰਰ ਸਰਸਵਤੀ ਨਰਸਿੰਗ ਸਕੂਲ ਕੁਰਾਲੀ, ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਦੇ ਸਮੇਤ ਹੋਰ ਹਾਜਰ ਸਨ।
ਟਰੇਨਿੰਗ ਅਨੈਕਸੀ ਵਿੱਚ ਨਰਸਿੰਗ ਕਾਲਜ਼ ਦੀਆਂ ਵਿਦਿਆਰਥਣਾਂ ਨੂੰ ਨਸ਼ਿਆਂ, ਹੈਪੇਟਾਈਟਸ ਅਤੇ ਟੈਲੀਮਾਨਸ ਬਾਰੇ ਜਾਗਰੂਕ ਕਰਦੇ ਹੋਏ ਅਧਿਕਾਰੀ।