ਨਵੀਂ ਅਨਾਜ ਮੰਡੀ ਪਟਿਆਲਾ ‘ਚ ਕਣਕ ਦੀ ਖ਼ਰੀਦ ਲਈ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ

-ਕੋਵਿਡ-19 ਤੋਂ ਬਚਾਅ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਪ੍ਰਬੰਧ
-ਮੰਡੀ ਦੀ ਸਾਫ਼-ਸਫ਼ਾਈ ਤੇ ਮਾਰਕਿੰਗ ਦਾ ਕੰਮ ਦੋ ਦਿਨਾਂ ‘ਚ ਹੋਵੇਗਾ ਪੂਰਾ :  ਮੰਡੀ ਸੁਪਰਵਾਈਜ਼ਰ
ਪਟਿਆਲਾ, 4 ਅਪ੍ਰੈਲ
ਪਟਿਆਲਾ ਜ਼ਿਲ੍ਹੇ ‘ਚ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖ਼ਰੀਦ ਲਈ ਨਵੀਂ ਅਨਾਜ ਮੰਡੀ ਪਟਿਆਲਾ ਵਿਖੇ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ। ਕੋਵਿਡ-19 ਤੋਂ ਬਚਾਅ ਲਈ ਕੀਤੇ ਜਾ ਰਹੇ ਵਿਸ਼ੇਸ਼ ਪ੍ਰਬੰਧਾਂ ਤਹਿਤ ਨਵੀਂ ਅਨਾਜ ਮੰਡੀ ਪਟਿਆਲਾ ਵਿਖੇ 30 ਫੁੱਟ ਦੇ ਖਾਨੇ ਬਣਾਉਣ, ਸਾਫ਼-ਸਫ਼ਾਈ ਅਤੇ ਮੰਡੀ ‘ਚ ਦਾਖਲ ਹੋਣ ਸਮੇਂ ਕਣਕ ਦੀ ਨਮੀ ਦੀ ਜਾਂਚ ਸਮੇਤ ਸੈਨੇਟਾਈਜੇਸ਼ਨ ਦਾ ਵੀ ਖਾਸ ਖਿਆਲ ਰੱਖਣ ਲਈ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ।
ਨਵੀਂ ਅਨਾਜ ਮੰਡੀ ਪਟਿਆਲਾ ਵਿਖੇ ਕਣਕ ਦੀ ਖ਼ਰੀਦ ਲਈ ਚੱਲ ਰਹੀਆਂ ਤਿਆਰੀਆਂ ਸਬੰਧੀ ਮੰਡੀ ਸੁਪਰਵਾਈਜ਼ਰ ਵਿਜੈ ਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਦਿਨਾਂ ਤੋਂ ਮੰਡੀ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ ਅਤੇ ਆਉਣ ਵਾਲੇ ਦੋ ਦਿਨਾਂ ‘ਚ ਸਾਫ਼-ਸਫ਼ਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਬਚਾਅ ਤੇ ਸਮਾਜਿਕ ਦੂਰੀ ਲਈ ਮੰਡੀ ‘ਚ 30 ਫੁੱਟ ਦੇ ਖਾਨੇ ਬਣਾਏ ਗਏ ਹਨ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਅਨੁਸਾਰ ਮੰਡੀ ‘ਚ ਕੰਮ ਕੀਤਾ ਜਾ ਰਿਹਾ ਹੈ ਅਤੇ ਮੰਡੀਆਂ ਵਿਚ ਪੀਣ ਯੋਗ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।
ਮੰਡੀ ਸੁਪਰਵਾਈਜ਼ਰ ਨੇ ਦੱਸਿਆ ਕਿ ਨਵੀਂ ਅਨਾਜ ਮੰਡੀ ‘ਚ ਔਸਤਨ 3 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੁੰਦੀ ਹੈ ਅਤੇ ਇਸ ਦੇ ਅਨੁਸਾਰ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੰਡੀ ‘ਚ ਦਾਖਲ ਹੋਣ ਸਮੇਂ ਕਣਕ ਦੀ ਨਮੀ ਦੀ ਜਾਂਚ ਕੀਤੀ ਜਾਵੇਗੀ ਅਤੇ ਇਥੇ ਹੀ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਵਿਜੈ ਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਕਣਕ ਦੀ ਸੁਰੱਖਿਅਤ ਅਤੇ ਨਿਰਵਿਘਨ ਖ਼ਰੀਦ ਲਈ ਪ੍ਰਬੰਧ ਕੀਤੇ ਗਏ ਹਨ ਜਿਨ੍ਹਾਂ ਦੀ ਪਾਲਣਾ ਕਰਕੇ ਕਿਸਾਨ ਆਪਣੀ ਕਣਕ ਨੂੰ ਆਸਾਨੀ ਨਾਲ ਮੰਡੀ ਵਿੱਚ ਵੇਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਕਣਕ ਦੀ ਕਟਾਈ ਸਮੇਂ ਨਮੀ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਮੰਡੀ ਵਿੱਚ ਸੁੱਕੀ ਕਣਕ ਹੀ ਲਿਆਂਦੀ ਜਾਵੇ ਤਾਂ ਜੋ ਉਸਦੀ ਜਲਦੀ ਖ਼ਰੀਦ ਕਰਕੇ ਸਮੇਂ ਸਿਰ ਲਿਫ਼ਟਿੰਗ ਯਕੀਨੀ ਬਣਾਈ ਜਾਵੇ ਅਤੇ ਨਵੀਂ ਕਣਕ ਆਉਣ ਲਈ ਸਥਾਨ ਖਾਲੀ ਹੋ ਸਕੇ।

Spread the love