ਸਿਵਲ ਹਸਪਤਾਲ ਦੇ ਬਾਹਰ ‘ਪੰਘੂੜਾ’ ਲਗਾਇਆ
ਧੀਆਂ ਕੁਦਰਤ ਦੀ ਸਭ ਤੋਂ ਅਨਮੋਲ ਦਾਤ, ਸਿਰਫ ਕਰਮਾਂ ਵਾਲਿਆਂ ਨੂੰ ਹੀ ਮਿਲਦੀ ਹੈ ਧੀ ਦੀ ਦਾਤ – ਮੋਹਤਰਮਾ ਸ਼ਾਹਲਾ ਕਾਦਰੀ
ਬਟਾਲਾ, 12 ਅਗਸਤ 2021 ਕੰਨਿਆਂ ਭਰੂਣ ਹੱਤਿਆ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਸਮਾਜ ਸੇਵੀ ਸੰਸਥਾ ਨਾਲ ਮਿਲ ਕੇ ਬਟਾਲਾ ਸ਼ਹਿਰ ਵਿੱਚ ਇੱਕ ਨਿਵੇਕਲਾ ਉਪਰਾਲਾ ਸ਼ੁਰੂ ਕਰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਗੇਟ ਲਾਗੇ ਨਵ-ਜਨਮੀਆਂ ਧੀਆਂ ਲਈ ਇੱਕ ਪੰਗੂੜਾ ਸਥਾਪਤ ਕੀਤਾ ਹੈ।
ਬਟਾਲਾ ਦੇ ਪਦਮ ਕੋਹਲੀ ਵੱਲੋਂ ਆਪਣੀ ਮਾਂ ਸ੍ਰੀਮਤੀ ਸ਼ਕੁੰਤਲਾ ਕੋਹਲੀ ਦੀ ਨਿੱਘੀ ਯਾਦ ਵਿੱਚ ਇਹ ਪੰਘੂੜਾ ਬਣਾਇਆ ਗਿਆ ਹੈ ਜਿਸਦਾ ਉਦਘਾਟਨ ਅੱਜ ਉਦਘਾਟਨ ਰੈਡ ਕਰਾਸ ਹਾਸਪੀਟਲ ਵੈਲਫੇਅਰ ਸੈਂਕਸ਼ਨ ਦੇ ਚੇਅਰਪਰਸਨ ਮੋਹਤਰਮਾ ਸ਼ਾਹਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕੀਤਾ। ਇਸ ਮੌਕੇ ਉਨਾਂ ਨਾਲ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਹਰਪਾਲ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਅਮਰਜੀਤ ਸਿੰਘ ਭੁੱਲਰ, ਨੇਹਾ ਨਈਅਰ ਜ਼ਿਲ੍ਹਾ ਬਾਲ ਭਲਾਈ ਅਫ਼ਸਰ, ਸੀ.ਪੀ.ਓ. ਸੁਨੀਲ ਕੁਮਾਰ, ਮੰਗਲ ਸੈਨ ਕੋਹਲੀ, ਵੀ.ਐੱਮ. ਗੋਇਲ, ਪਦਮ ਕੋਹਲੀ, ਸਾਬਕਾ ਐੱਸ.ਐੱਮ.ਓ. ਡਾ. ਸੰਜੀਵ ਭੱਲਾ, ਡਾ. ਪਰਮਜੀਤ ਕੌਰ, ਡਾ. ਮਨਦੀਪ ਕੌਰ, ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਰਾਜੀਵ ਠਾਕੁਰ, ਸੁਨੀਲ ਸੀ.ਡੀ.ਪੀ.ਓ. ਦਫ਼ਤਰ, ਇਨਰਵੀਲ ਕੱਲਬ ਬਟਾਲਾ ਵੱਲੋਂ ਡਾ. ਸਤਿੰਦਰ ਕੌਰ ਨਿੱਜਰ, ਪ੍ਰਧਾਨ ਹਰਵਿੰਦਰ ਕੌਰ ਕਾਹਲੋਂ ਅਤੇ ਸਿਵਲ ਹਸਪਤਾਲ ਬਟਾਲਾ ਦਾ ਸਟਾਫ਼ ਹਾਜ਼ਰ ਸੀ।
ਪੰਘੂੜੇ ਦਾ ਉਦਘਾਟਨ ਕਰਦਿਆਂ ਮੋਹਤਰਮਾ ਸ਼ਾਹਲਾ ਕਾਦਰੀ ਨੇ ਕਿਹਾ ਕਿ ਇਹ ਪੰਘੂੜਾ ਕਈ ਨਵ-ਜਨਮੀਆਂ ਧੀਆਂ ਦੀ ਜਾਨ ਬਚਾਉਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਧੀਆਂ ਕੁਦਰਤ ਦੀ ਸਭ ਤੋਂ ਅਨਮੋਲ ਦਾਤ ਹੈ ਅਤੇ ਜਿਸ ਉਪਰ ਕੁਦਰਤ ਬਹੁਤ ਮਿਹਰਬਾਨ ਹੁੰਦੀ ਹੈ ਉਸ ਨੂੰ ਹੀ ਧੀ ਦੀ ਦਾਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਧੀਆਂ ਕਿਸੇ ਵੀ ਪੱਖ ਤੋਂ ਲੜਕਿਆਂ ਨਾਲੋਂ ਘੱਟ ਨਹੀਂ ਹਨ, ਇਸ ਲਈ ਸਮਾਜ ਨੂੰ ਆਪਣੀ ਸੋਚ ਵਿੱਚ ਬਦਲਾਅ ਲਿਆ ਕੇ ਧੀਆਂ ਨੂੰ ਮੁੰਡਿਆਂ ਤੋਂ ਵੀ ਵੱਧ ਪਿਆਰ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਦੇ ਮੌਕੇ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਪੰਘੂੜਾ ਲਗਾਉਣ ਦਾ ਮਕਸਦ ਇਹ ਹੈ ਕਿ ‘ਧੀਆਂ ਨੂੰ ਨਾ ਮਾਰੋ ਨਾ ਸੁੱਟੋ, ਸਾਨੂੰ ਦਿਓ’। ਉਨ੍ਹਾਂ ਕਿਹਾ ਕਿ ਜੇਕਰ ਕੋਈ ਏਨਾਂ ਹੀ ਮਜ਼ਬੂਰ ਹੈ ਕਿ ਉਹ ਆਪਣੀ ਨਵਜਨਮੀ ਧੀ ਨੂੰ ਰੱਖਣਾ ਨਹੀਂ ਚਾਹੁੰਦਾ ਤਾਂ ਉਸਨੂੰ ਮਾਰਨ ਜਾਂ ਏਧਰ-ਓਧਰ ਸੁਟਣ ਦੀ ਬਜਾਏ ਇਸ ਪੰਗੂੜੇ ਵਿੱਚ ਪਾ ਜਾਵੇ ਤਾਂ ਜੋ ਉਸ ਨੰਨੀ ਪਰੀ ਨੂੰ ਜੀਵਨ ਦਾਨ ਮਿਲ ਸਕੇ।
ਮੋਹਤਰਮਾ ਸ਼ਾਹਲਾ ਕਾਦਰੀ ਨੇ ਕਿਹਾ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਇਸ ਪੰਘੂੜੇ ਵਿੱਚ ਆਏ ਬੱਚਿਆਂ ਨੂੰ ਫੌਰੀ ਤੌਰ ’ਤੇ ਮੈਡੀਕਲ ਸਹਾਇਤ ਦੇਣ ਦੇ ਨਾਲ ਸਰਕਾਰ ਵੱਲੋਂ ਨਿਰਧਾਰਤ ਪ੍ਰਕ੍ਰਿਆ ਨੂੰ ਅਪਣਾਅ ਕੇ ਇਨ੍ਹਾਂ ਬੱਚਿਆਂ ਦੀ ਪਰਵਰਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੈਸੇ ਤਾਂ ਇੱਕ ਸੱਭਿਅਕ ਸਮਾਜ ਵਿੱਚ ਪੰਘੂੜੇ ਵਰਗੇ ਕੰਨਸੈਪਟ ਦੀ ਕੋਈ ਲੋੜ ਨਹੀਂ ਹੈ ਪਰ ਪ੍ਰਸ਼ਾਸਨ ਫਿਰ ਵੀ ਇਹ ਮਹਿਸੂਸ ਕਰਦਾ ਹੈ ਕਿ ਜੇਕਰ ਕੋਈ ਮਾਂ-ਬਾਪ ਕਿਸੇ ਵੀ ਮਜ਼ਬੂਰੀ ਵੱਸ ਆਪਣੀ ਨਵ-ਜਨਮੀ ਧੀ ਨੂੰ ਰੱਖਣਾ ਨਹੀਂ ਚਾਹੁੰਦਾ ਤਾਂ ਉਹ ਉਸ ਨੰਨੀ ਧੀ ਨੂੰ ਮਾਰਨ ਜਾਂ ਏਧਰ-ਓਧਰ ਸੁਟਣ ਦੀ ਬਜਾਏ ਇਸ ਪੰਗੂੜੇ ਵਿੱਚ ਪਾ ਦੇਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਅਮਰਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਇਸ ਪੰਘੂੜੇ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਜਦੋਂ ਵੀ ਕੋਈ ਬੱਚਾ ਇਸ ਪੰਘੂੜੇ ਵਿੱਚ ਆਵੇਗਾ ਤਾਂ ਉਸਨੂੰ ਤੁਰੰਤ ਮੈਡੀਕਲ ਸਹਾਇਤਾ ਦੇ ਕੇ ਉਸਦੀ ਪਰਵਰਿਸ਼ ਦਾ ਸਰਕਾਰ ਦੇ ਨਿਯਮਾਂ ਅਨੁਸਾਰ ਪ੍ਰਬੰਧ ਕੀਤਾ ਜਾਵੇਗਾ। ਇਸ ਦੌਰਾਨ ਮੰਗਲ ਸੈਨ ਕੋਹਲੀ ਅਤੇ ਪਦਮ ਕੁਮਾਰ ਕੋਹਲੀ ਨੇ ਕਿਹਾ ਕਿ ਸਮਾਜ ਨੂੰ ਧੀਆਂ ਪ੍ਰਤੀ ਆਪਣੀ ਸੋਚ ਬਦਲਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਵੀ ਦੁਨੀਆਂ ਦੇਖਣ ਦਾ ਮੌਕਾ ਦੇਣਾ ਚਾਹੀਦਾ ਹੈ।