ਜ਼ਿਲੇ ’ਚ ਨੌਜਵਾਨਾਂ ਨੂੰ ਆਪਣਾ ਕੰਮ ਖੋਲਣ ’ਚ ਆਰਥਿਕ ਸਹਾਇਤਾ ਦੇਣ ਦਾ ਖਾਕਾ ਤਿਆਰ
ਨਵਾਂਸ਼ਹਿਰ, 15 ਜੂਨ 2021
ਨਸ਼ਾ ਮੁਕਤ ਭਾਰਤ ਅਭਿਆਨ ਸਬੰਧੀ ਜ਼ਿਲਾ ਪੱਧਰੀ ਕਮੇਟੀ ਦੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਨਸ਼ਾ ਮੁਕਤ ਭਾਰਤ ਅਭਿਆਨ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਡਾ. ਅਗਰਵਾਲ ਨੇ ਜ਼ਿਲਾ ਵਿਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਹੁਣ ਤੱਕ ਕੀਤੀਆਂ ਗਈਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਦੱਸਿਆ ਕਿ ਜ਼ਿਲੇ ਵਿਚ ਸਿਹਤ, ਸਿੱਖਿਆ, ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਦੇ ਸਮੂਹਿਕ ਯਤਨਾਂ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਲਈ ਪ੍ਰੇਰਿਤ ਕਰਨ ਹਿੱਤ ਰਜਿਸਟ੍ਰੇਸ਼ਨ ਸਬੰਧੀ ਅਤੇ ਲੋੜ ਅਨੁਸਾਰ 7 ਪਲੇਸਮੈਂਟ ਕੈਂਪ ਲਗਾਏ ਜਾਣਗੇ। ਉਨਾਂ ਕਿਹਾ ਕਿ ਇਨਾਂ ਕੈਂਪਾਂ ਵਿਚ ਜ਼ਿਲੇ ਦੇ ਹਰੇਕ ਓਟ ਸੈਂਟਰ ਵਿਚ ਇਲਾਜ ਅਧੀਨ ਨੌਜਵਾਨਾਂ ਨੂੰ ਵੀ ਇਨਾਂ ਕੈਂਪਾਂ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਕੈਂਪਾਂ ਦਾ ਸਥਾਨ ਸਿਵਲ ਹਸਪਤਾਲ ਹੀ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਕੈਂਪਾਂ ਦੌਰਾਨ ਨੌਜਵਾਨ ਬੱਚਿਆਂ ਦੀ ਰੋਜ਼ਗਾਰ ਵਾਸਤੇ ਰਜਿਸਟ੍ਰੇਸ਼ਨ ਕਰਨ ਅਤੇ ਸਮਾਲ ਸਕੇਲ ’ਤੇ ਆਪਣਾ ਕੰਮਕਾਜ਼ ਕਰਨ ਲਈ ਚਾਹਵਾਨ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਨਾਂ ਨੌਜਵਾਨਾਂ ਨੂੰ ਜ਼ਿਲੇ ਦੇ ਹੁਨਰ ਵਿਕਾਸ ਵਿਭਾਗ ਰਾਹੀਂ ਸਿਖਲਾਈ ਦਿਵਾ ਕੇ ਆਪਣਾ ਕੰਮ ਖੋਲਣ ਲਈ ਆਰਥਿਕ ਸਹਾਇਤਾ ਦਿਵਾਉਣ ਲਈ ਬੈਂਕਾਂ ਨਾਲ ਤਾਲਮੇਲ ਕਰਵਾਇਆ ਜਾਵੇਗਾ।
ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਜਿਹੜੇ ਕਿ ਨਸ਼ਾ ਮੁਕਤ ਅਭਿਆਨ ਦੇ ਨੋਡਲ ਅਫ਼ਸਰ ਵੀ ਹਨ, ਨੇ ਦੱਸਿਆ ਕਿ ਨਸ਼ਾ ਮੁਕਤ ਅਭਿਆਨ ਤਹਿਤ ਕੀਤੀਆਂ ਜਾਣ ਵਾਲੀਆਂ ਜਾਗਰੂਕਤਾ ਗਤੀਵਿਧੀਆਂ ਦਾ ਮੁੱਖ ਮੰਤਵ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਜ਼ਿਲੇ ਦੇ ਓਟ ਸੈਂਟਰਾਂ ਰਾਹੀਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨਾਂ ਕਿਹਾ ਕਿ ਜਾਗਰੂਕਤਾ ਗਤੀਵਿਧੀਆਂ ਦੇ ਨਾਲ-ਨਾਲ ਨੌਜਵਾਨ ਵਰਗ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਅਤੇ ਆਪਣਾ ਰੋਜ਼ਗਾਰ ਚਲਾਉਣ ਲਈ ਆਰਥਿਕ ਮਦਦ ਮੁਹੱਈਆ ਕਰਵਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ ਤਾਂ ਜੋ ਸਾਡਾ ਨੌਜਵਾਨ ਵਰਗ ਕਿਸੇ ਵੀ ਕਾਰਨ ਕਰਕੇ ਨਸ਼ਿਆਂ ਵੱਲ ਪ੍ਰੇਰਿਤ ਨਾ ਹੋਵੇ ਅਤੇ ਸਾਡਾ ਜ਼ਿਲਾ ਨਸ਼ਾ ਮੁਕਤ ਜ਼ਿਲਾ ਹੋ ਸਕੇ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲਾ ਕੋਆਰਡੀਨੇਟਰ ਵਿਵਹਾਰ ਪਰਿਵਰਤਨ ਮੰਗ ਗੁਰਪ੍ਰਸਾਦ, ਏ. ਐਸ. ਆਈ ਕੁਲਦੀਪ ਰਾਜ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ।
ਸੰਤੋਸ਼ ਵਿਰਦੀ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ।