ਨਸ਼ਿਆਂ ਖਿਲਾਫ਼ ਬਿਹਤਰੀਨ ਕਾਰਗੁਜ਼ਾਰੀ ਸਦਕਾ ਸ਼ਹੀਦ ਭਗਤ ਸਿੰਘ ਨਗਰ ਨੇ ਬਣਾਈ ਕੌਮੀ ਪੱਧਰ ’ਤੇ ਪਹਿਚਾਣ-ਦੀਪਜੋਤ ਕੌਰ

ਨਸ਼ਾਖ਼ੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਜ਼ਿਲੇ ਭਰ ’ਚ ਹੋਏ ਜਾਗਰੂਕਤਾ ਸਮਾਗਮ
ਨਵਾਂਸ਼ਹਿਰ, 26 ਜੂਨ 2021
ਨਸ਼ਾਖ਼ੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਜ਼ਿਲੇ ਭਰ ਵਿਚ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਜਾਗਰੂਕਤਾ ਸਮਾਗਮ ਕਰਵਾਏ ਗਏ। ਇਨਾਂ ਸਮਾਗਮਾਂ ਨੂੰ ਸੂਬਾ ਪੱਧਰੀ ਵਰਚੁਅਲ ਸਮਾਗਮ ਨਾਲ ਆਨਲਾਈਨ ਜੋੜਿਆ ਗਿਆ, ਜਿਸ ਦੌਰਾਨ ਪੁਲਿਸ, ਸਿਹਤ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ, ਪਿੰਡਾਂ ਅਤੇ ਸ਼ਹਿਰਾਂ ਦੇ ਪਤਵੰਤਿਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਸਬੰਧੀ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਅਤੇ ਹੋਰਨਾਂ ਅਧਿਕਾਰੀਆਂ ਨੇ ਸੂਬਾ ਪੱਧਰੀ ਸਮਾਗਮ ਵਿਚ ਆਨਲਾਈਨ ਸ਼ਿਰਕਤ ਕੀਤੀ, ਜਿਸ ਦੌਰਾਨ ਮੁੱਖ ਮੰਤਰੀ ਵੱਲੋਂ ਜ਼ਬਤ ਨਸ਼ਿਆਂ ਨੂੰ ਵਿਗਿਆਨਕ ਢੰਗ ਨਾਲ ਨਸ਼ਟ ਕਰਨ ਅਤੇ ਸੂਬੇ ਭਰ ਵਿਚ ਨਸ਼ਿਆਂ ਖਿਲਾਫ਼ ਇਕ ਹਫ਼ਤੇ ਦੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਦੌਰਾਨ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨਗਰ ਜ਼ਿਲਾ ਨਸ਼ਿਆਂ ਖਿਲਾਫ਼ ਆਪਣੀ ਬਿਹਤਰੀਨ ਕਾਰਗੁਜ਼ਾਰੀ ਅਤੇ ਨਿਵੇਕਲੀਆਂ ਜਾਗਰੂਕਤਾ ਗਤੀਵਿਧੀਆਂ ਸਦਕਾ ਕੌਮੀ ਪੱਧਰ ’ਤੇ ਆਪਣੀ ਪਹਿਚਾਣ ਬਣਾਉਣ ਵਿਚ ਸਫਲ ਹੋਇਆ ਹੈ। ਉਨਾਂ ਦੱਸਿਆ ਕਿ ਇਸ ਤਹਿਤ ਐਕਸ਼ਨ ਪਲਾਨ ਬਣਾ ਕੇ ਵੱਖ-ਵੱਖ ਪਲੇਟਫਾਰਮਾਂ, ਜਿਵੇਂ ਸਿੱਖਿਆ ਸੰਸਥਾਵਾਂ, ਕਿੱਤਾਕਾਰੀ ਟ੍ਰੇਨਿੰਗ ਸੰਸਥਾਵਾਂ, ਪੁਲਿਸ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਰਾਹੀਂ ਵੱਡੀ ਪੱਧਰ ’ਤੇ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਨਾਂ ਦਾ ਮੁੱਖ ਉਦੇਸ਼ ਨੌਜਵਾਨ ਵਰਗ ਨੂੰ ਨਸ਼ੇ ਦੀ ਆਦਤ ਤੋਂ ਬਚਾਉਣਾ ਅਤੇ ਰਚਨਾਤਮਕ ਕੰਮਾਂ ਲਈ ਪ੍ਰੇਰਿਤ ਕਰਨਾ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਜਿਥੇ ਬਡੀ ਅਤੇ ਡੈਪੋ ਨਸ਼ਿਆਂ ਖਿਲਾਫ਼ ਜਾਗਰੂਕਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ, ਉਥੇ ਓਟ ਕਲੀਨਿਕਾਂ ਵੱਲੋਂ ਵੀ ਕਿਸੇ ਕਾਰਨ ਨਸ਼ੇ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰਨ ਵਿਚ ਬਿਹਤਰੀਨ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਤਰਾਂ ਜ਼ਿਲੇ ਦਾ ਪੁਲਿਸ ਵਿਭਾਗ ਵੀ ਨਸ਼ਾ ਤਸਕਰਾਂ ਨੂੰ ਨੱਥ ਪਾ ਕੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਵਿਚ ਸਫਲ ਹੋਇਆ ਹੈ। ਉਨਾਂ ਕਿਹਾ ਕਿ ਜ਼ਿਲੇ ਨੂੰ ਨਸ਼ਾ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਤਾਂ ਹੀ ਸਫਲ ਹੋ ਸਕਦੀਆਂ ਹਨ, ਜੇਕਰ ਆਮ ਲੋਕ ਇਸ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨਾਂ ਸਮੂਹ ਜ਼ਿਲਾ ਵਾਸੀਆਂ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਲੈਕਚਰਾਰ ਹਰਮਨਪ੍ਰੀਤ ਕੌਰ, ਲੈਕਚਰਾਰ ਸੋਨੀਆ ਅੰਗਰੀਸ਼ ਅਤੇ ਹੋਰ ਹਾਜ਼ਰ ਸਨ।
ਨਸ਼ਿਆਂ ਖਿਲਾਫ਼ ਸੂਬਾ ਪੱਧਰੀ ਵਰਚੁਅਲ ਸਮਾਗਮ ਵਿਚ ਸ਼ਿਰਕਤ ਕਰਦੇ ਹੋਏ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਅਤੇ ਹੋਰ।

Spread the love