ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਰੂਪਨਗਰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕਰਵਾਈ ਮਿੰਨੀ ਮੈਰਾਥਨ

Mini marathon
ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਰੂਪਨਗਰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕਰਵਾਈ ਮਿੰਨੀ ਮੈਰਾਥਨ
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਰੂਪਨਗਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਮੈਰਾਥਨ ਵਿੱਚ ਲੜਕਿਆਂ ਵਿੱਚੋਂ ਪਹਿਲਾ ਸਥਾਨ ਅਜੈ ਕੁਮਾਰ, ਦੂਜਾ ਸਥਾਨ ਮੋਨੂੰ ਸਾਹਨੀ ਅਤੇ ਤੀਜਾ ਸਥਾਨ ਮਨਜੀਤ ਸਿੰਘ ਨੇ ਪ੍ਰਾਪਤ ਕੀਤਾ
ਲੜਕੀਆਂ ਵਿੱਚੋਂ ਪਹਿਲਾ ਸਥਾਨ ਨੰਗਲ ਤੋਂ ਦੀਯਾ ਰਾਣਾ ਨੇ ਹਾਸਲ ਕੀਤਾ
ਰੂਪਨਗਰ, 5 ਫ਼ਰਵਰੀ 2024
ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਰੂਪਨਗਰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਪੱਧਰ ਉੱਤੇ ਠੋਸ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਨੂੰ ਹੋਰ ਹੁੰਗਾਰਾ ਦੇਣ ਦੇਣ ਦੇ ਮੰਤਵ ਨਾਲ ਸੋਮਵਾਰ ਨੂੰ ਕਰਵਾਈ ਮਿੰਨੀ ਮੈਰਾਥਨ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਐਸਐਸਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਮਿੰਨੀ ਮੈਰਾਥਨ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋ ਕੇ ਭਗਤ ਸਿੰਘ ਚੌਂਕ ਵਿਖੇ ਹੁੰਦੀ ਹੋਈ ਵਾਪਿਸ ਨਹਿਰੂ ਸਟੇਡੀਅਮ ਵਿਖੇ ਆ ਕੇ ਸਮਾਪਤ ਹੋਈ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨਾ ਆਸਾਨ ਨਹੀਂ ਹੈ, ਨਸ਼ਿਆਂ ਦੀ ਸਪਲਾਈ ਉਤੇ ਕਾਬੂ ਕਰਨ ਨਾਲ ਵੀ ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮੈਦਾਨ ਚ ਉਤਰਨਾ ਪਵੇਗਾ ਜਿਸ ਲਈ ਗੁਮਰਾਹ ਹੋਏ ਨਸ਼ਾ ਪੀੜਤਾਂ ਨੂੰ ਇਲਾਜ ਕਰਵਾਉਣ ਤੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਿਆਂ ਦੀ ਦਲਦਲ ਵਿਚ ਫਸ ਜਾਂਦਾ ਹੈ ਉਸਨੂੰ ਨਿਕਲਣ ਲਈ ਦਵਾਈਆਂ ਤੋਂ ਵੱਧ ਆਪਣਿਆਂ ਦੇ ਸਾਥ ਦੀ ਲੋੜ ਹੁੰਦੀ ਹੈ, ਉਸ ਦੀ ਮਾਨਸਿਕ ਅਵਸਥਾ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਕਾਉਂਸਲਿੰਗ ਕਰਵਾਉਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਖੇਡਾਂ, ਕਸਰਤ, ਯੋਗ ਤੇ ਅਧਿਆਤਮ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਹੁਕਮਾਂ ਤਹਿਤ ਜੋ ਨਸ਼ਿਆਂ ਖ਼ਿਲਾਫ਼ ਪੂਰੇ ਪੰਜਾਬ ਅੰਦਰ ਮੁਹਿੰਮ ਚਲਾਈ ਗਈ ਹੈ, ਉਸਦਾ ਇਕ ਪੱਖ ਇਹ ਵੀ ਹੈ ਕਿ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜਿਸਦਾ ਕਿ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸੇ ਤਹਿਤ ਰੂਪਨਗਰ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ 5 ਕਿਲੋਮੀਟਰ ਦੀ ਇਕ ਮਿੰਨੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌੜ ਵਿਚ ਜਿੱਥੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਤੇ ਰੂਪਨਗਰ ਪੁਲਿਸ ਕਰਮੀਆਂ ਨੇ ਹਿੱਸਾ ਲਿਆ ਹੈ ਉੱਥੇ ਹੀ ਇਸ ਦੌੜ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਸਿੱਖਿਆ ਵਿਭਾਗ, ਖੇਡ ਵਿਭਾਗ, ਯੁਵਕ ਸੇਵਾਵਾਂ ਵਿਭਾਗ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਰੂਪਨਗਰ ਰਨਰਜ਼ ਐਂਡ ਸਾਈਕਲਿੰਗ ਐਸੋਸੀਏਸ਼ਨ, ਰਣਜੀਤ ਐਵਨਿਊ ਐਸੋਸੀਏਸ਼ਨ, ਰੋਟਰੀ ਕਲੱਬ, ਨੈਣਾ ਦੇਵੀ ਜੀਵਨ ਜਯੋਤੀ ਕਲੱਬ, ਹਰਬਲ ਲਾਈਫ, ਵੱਖ-ਵੱਖ ਯੂਥ ਕਲੱਬ ਦਸਮੇਸ਼ ਯੁਵਕ ਸੇਵਾਵਾਂ ਕਲੱਬ ਗਰੀਨ ਐਵਨਿਊ, ਦਸ਼ਮੇਸ਼ ਕਲੱਬ ਅਕਬਰਪੁਰ, ਸ਼ਿਵ ਸ਼ਕਤੀ ਪ੍ਰਭਾਤ ਸਮਿਤੀ ਰੋਪੜ ਅਤੇ ਪ੍ਰਕਾਸ਼ ਮੈਮੋਰੀਅਲ ਸਕੂਲ ਦੇ ਵਿਦਿਆਰਥੀ, ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਅਤੇ ਇਲਾਕਾ ਵਾਸੀਆਂ ਨੇ ਇਸ ਦੌੜ ਵਿੱਚ ਹਿੱਸਾ ਲਿਆ।
ਇਸ ਮੈਰਾਥਨ ਵਿੱਚ ਲੜਕਿਆਂ ਵਿੱਚੋਂ ਪਹਿਲਾ ਸਥਾਨ ਅਜੈ ਕੁਮਾਰ, ਦੂਜਾ ਸਥਾਨ ਮੋਨੂੰ ਸਾਹਨੀ ਅਤੇ ਤੀਜਾ ਸਥਾਨ ਮਨਜੀਤ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿੱਚੋਂ ਪਹਿਲਾ ਸਥਾਨ ਨੰਗਲ ਤੋਂ ਦੀਯਾ ਰਾਣਾ ਨੇ ਹਾਸਲ ਕੀਤਾ। ਇਸ ਮੌਕੇ ਸਟੇਜ ਦਾ ਸੰਚਾਲਨ ਸ. ਇਕਬਾਲ ਸਿੰਘ ਗੁੰਨੋਮਾਜਰਾ ਵੱਲੋਂ ਕੀਤਾ ਗਿਆ। ਮੈਰਾਥਨ ਸ਼ੁਰੂ ਹੋਣ ਤੋਂ ਪਹਿਲਾ ਭਾਗ ਲੈਣ ਵਾਲਿਆਂ ਨੂੰ ਟੀ ਸ਼ਰਟਾਂ ਅਤੇ ਮੁਕੰਮਲ ਹੋਣ ਤੋਂ ਬਾਅਦ ਰਿਫਰਸ਼ਮੇਂਟ ਦਾ ਵੀ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਐਸ.ਪੀ. ਰਾਜਪਾਲ ਸਿੰਘ ਹੁੰਦਲ, ਐਸ.ਪੀ. ਰੁਪਿੰਦਰ ਕੌਰ ਸਰਾਂ, ਡੀ ਪੀ ਆਰ ਓ ਕਰਨ ਮਹਿਤਾ, ਡੀ.ਐਸ.ਪੀ. (ਆਰ) ਰੁਪਿੰਦਰਦੀਪ ਕੌਰ ਸੋਹੀ, ਡੀ.ਐਸ.ਪੀ. ਮਨਬੀਰ ਸਿੰਘ ਬਾਜਵਾ, ਡੀ.ਐਸ.ਪੀ. ਗੁਰਮੀਤ ਸਿੰਘ, ਡੀ.ਐਸ.ਪੀ. ਮੋਰਿੰਡਾ ਮਨਜੀਤ ਸਿੰਘ, ਡੀ.ਐਸ.ਪੀ. ਨਰਿੰਦਰ ਚੌਧਰੀ, ਐਸ.ਐਚ.ਓ. ਹਰਸ਼ ਮੋਹਨ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।
Spread the love