ਕੋਵਿਡ-19 ਤੋਂ ਬਚਾਅ ਸਬੰਧੀ ਦਿੱਤੀ ਗਈ ਜਾਣਕਾਰੀ
ਬਰਨਾਲਾ, 3 ਅਕਤੂਬਰ :
ਨਹਿਰੂ ਯੁਵਾ ਕੇਂਦਰ, ਯੁਵਾ ਮਾਮਲੇ ਖੇਡ ਵਿਭਾਗ ਬਰਨਾਲਾ ਵੱਲੋਂ ਗਾਂਧੀ ਜੈਯੰਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਜਨਮ ਦਿਵਸ ਸਬੰਧੀ ਜ਼ਿਲ੍ਹਾ ਪੱਧਰ ਦਾ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ ਬਰਨਾਲਾ ਵਿਖੇ ਕਰਵਾਇਆ ਗਿਆ।
ਕੋਰੋਨਾ ਪ੍ਰਤੀ ਸਾਵਧਾਨੀਆਂ ਦੇ ਮੱਦੇਨਜ਼ਰ ਇਸ ਸਮਾਗਮ ਵਿੱਚ ਮਹਾਤਮਾ ਗਾਂਧੀ ਦੀ ਜੀਵਨੀ ਅਤੇ ਅਤੇ ਲਾਲ ਬਹਾਦਰ ਸ਼ਾਸਤਰੀ ਜਿਨ੍ਹਾਂ ਨੇ ‘ਜੈ ਜਵਾਨ ਜੈ ਕਿਸਾਨ’ ਦਾ ਨਾਹਰਾ ਲਗਾਇਆ ਸੀ ਦੇ ਸਤਿਕਾਰ ਕਰਨ ’ਤੇ ਵਿਚਾਰ ਚਰਚਾ ਕਰਵਾਈ ਗਈ। ਜਿਸ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਪਰਮਜੀਤ ਸੋਹਲ ਅਤੇ ਸੀਨੀਅਰ ਲੇਖਾਕਾਰ ਸੰਦੀਪ ਘੰਡ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਮਹਾਤਮਾ ਗਾਂਧੀ ਦੇ ਯੋਗਦਾਨ ਨੂੰ ਭੁਲਾਇਆ ਨਹੀ ਜਾ ਸਕਦਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਹਰ ਸਮੱਸਿਆ ਦਾ ਹੱਲ ਹਿੰਸਾ ਦਾ ਸਹਾਰਾ ਲਏ ਬਿਨ੍ਹਾ ਕੱਢਿਆ ਜਾਵੇ। ਉਨ੍ਹਾਂ ਯੂਥ ਵਲੰਟੀਅਰ ਨੂੰ ਆਪਣੇ ਮਾਪਿਆਂ ਦਾ ਅਤੇ ਸਮਾਜ ਵਿੱਚ ਮਾਨ-ਸਨਮਾਨ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਅ ਸਬੰਧੀ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ, ਸਮੇਂ-ਸਮੇਂ ਸੈਨੇਟਾਈਜ਼ਰ ਦੀ ਵਰਤੋਂ ਕਰਨਾ, ਘਰੋਂ ਬਾਹਰ ਨਿਕਲਣ ਸਮੇਂ ਮਾਸਕ ਲਗਾ ਕੇ ਜਾਣਾ, ਇੱਕ-ਦੂਜੇ ਤੋਂ ਘੱਟੋ-ਘੱਟ 2 ਮੀਟਰ ਦੀ ਦੂਰੀ ਬਣਾਏ ਰੱਖਣਾ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸ਼ਹੀਦ ਊਧਮ ਸਿੰਘ ਯੁਵਕ ਸੇਵਾਵਾਂ ਕਲੱਬ (ਪੱਖੋ ਕਲਾਂ) ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਸ਼ਹੀਦ ਰਤਨ ਸਿੰਘ ਯੂਥ ਵੈਲਫੇਅਰ ਕਲੱਬ (ਨਾਈਵਾਲ), ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਵਲੰਟੀਅਰ ਨਵਨੀਤ ਕੌਰ ਮਾਂਗੇਵਾਲ, ਲਵਪ੍ਰੀਤ ਸ਼ਰਮਾ ਹਰੀਗੜ੍ਹ, ਦੁਪਿੰਦਰ ਕੁਮਾਰ ਧਨੌਲਾ, ਸੁਸ਼ਮਾ ਵਤੀ ਬਰਨਾਲਾ, ਗੁਰਪ੍ਰੀਤ ਸਿੰਘ ਬਰਨਾਲਾ, ਸਤਨਾਮ ਸਿੰਘ ਨਾਈਵਾਲ ਵਲੰਟੀਅਰ ਤੇ ਹੈਮਾ ਬਰਨਾਲਾ, ਆਰਤੀ ਬਰਨਾਲਾ ਆਦਿ ਸ਼ਾਮਲ ਸਨ।