ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਕੂਲ ਮੁਖੀਆਂ ਨੂੰ ਦਿੱਤੀ ਸਿਖਲਾਈ

ਫਾਜ਼ਿਲਕਾ 24 ਜੁਲਾਈ 2021
ਸਿੱਖਿਆ ਦੇ ਖੇਤਰ ‘ਚ ਦੇਸ਼ ਦੇ ਅੱਵਲ ਨੰਬਰ ਸੂਬੇ ਪੰਜਾਬ ਵੱਲੋਂ ਆਪਣੇ ਖਿਤਾਬ ਨੂੰ ਕਾਇਮ ਰੱਖਣ ਲਈ ਕੇਂਦਰ ਸਰਕਾਰ ਵੱਲੋਂ ਨਵੰਬਰ ਮਹੀਨੇ ‘ਚ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਜਿਸ ਤਹਿਤ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.)ਡਾ ਤ੍ਰਿਲੋਚਨ ਸਿੰਘ ਸਿੱਧੂ ਦੀ ਦੇਖ-ਰੇਖ ‘ਚ ਵੱਖ ਵੱਖ ਥਾਵਾਂ ਤੇ ਜਿਲ੍ਹੇ ਦੇ 77 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ 70 ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ 83 ਮਿਡਲ ਸਕੂਲ ਇੰਚਾਰਜਾ ਨੂੰ ਨੈਸ ਦੀ ਤਿਆਰੀ ਸਬੰਧੀ ਸਿਖਲਾਈ ਦਿੱਤੀ। ਇਸ ਮੁਹਿੰਮ ਤਹਿਤ ਬਲਾਕ ਨੋਡਲ ਅਫਸਰਾਂ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰਾਂ ਵੱਲੋਂ ਨੈਸ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ।
ਡਾ. ਸਿੱਧੂ ਨੇ ਵੱਖ-ਵੱਖ ਥਾਵਾਂ ‘ਤੇ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਨਵੰਬਰ ਮਹੀਨੇ ‘ਚ ਹੋਣ ਵਾਲੇ ਨੈਸ ਦੀ ਤਿਆਰੀ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਅਗਸਤ, ਸਤੰਬਰ ਤੇ ਅਕਤੂਬਰ ਮਹੀਨੇ ਦੇ ਪਹਿਲੇ ਹਫਤਿਆਂ ਦੌਰਾਨ ਮਸ਼ਕਾਂ ਕੀਤੀਆਂ ਜਾਣਗੀਆਂ। ਜਿਸ ਤਹਿਤ ਨੈਸ ਦੀ ਤਰਜ਼ ‘ਤੇ ਰਾਜ ਦੇ ਸਾਰੇ ਸਰਕਾਰੀ ਸਕੂਲਾਂ ‘ਚ ਤਿੰਨ੍ਹ ਪੜਾਵਾਂ ‘ਚ ਅਭਿਆਸ ਕੀਤਾ ਜਾਵੇਗਾ। ਇਸ ਉਪਰੰਤ ਜਦੋਂ ਵੀ ਨੈਸ ਹੁੰਦਾ ਤਾਂ ਉਸੇ ਦਿਨ ਹੀ ਰਾਜ ਭਰ ਦੇ ਹਰੇਕ ਸਕੂਲ ਤੇ ਵਿਦਿਆਰਥੀਆਂ ‘ਤੇ ਅਧਾਰਤ ਪੰਜਾਬ ਅਚੀਵਮੈਂਟ ਸਰਵੇ (ਪੈਸ) ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨੈਸ ਤਹਿਤ ਰਾਜ ਦੇ ਚੋਣਵੇਂ ਸਕੂਲਾਂ ‘ਚ ਸਰਵੇਖਣ ਹੋਵੇਗਾ ਜਦਕਿ ਪੈਸ ਰਾਜ ਦੇ ਹਰੇਕ ਸਕੂਲ ਤੇ ਵਿਦਿਆਰਥੀ ਨੂੰ ਆਪਣੇ ਕਲਾਵੇ ‘ਚ ਲਵੇਗਾ।
ਇਸ ਦੌਰਾਨ ਡਿਪਟੀ ਡੀ.ਈ.ਓ. ਬ੍ਰਿਜ ਮੋਹਨ ਸਿੰਘ ਬੇਦੀ ਨੇ ਸਕੂਲ ਮੁਖੀਆਂ ਨੂੰ ਨੈਸ਼ਨਲ ਅਚੀਵਮੈਂਟ ਸਰਵੇਖਣ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਰਵੇਖਣ ਸਕੂਲਾਂ ਦੀ ਵਿਦਿਅਕ ਗੁਣਵੱਤਾ, ਵਿੱਦਿਅਕ ਗਤੀਵਿਧੀਆਂ ਨਾਲ ਸਬੰਧਤ ਸਮੱਗਰੀ ਤੇ ਸਹੂਲਤਾਂ, ਸਕੂਲ ਪ੍ਰਬੰਧਨ ਤੇ ਸਕੂਲਾਂ ਦੇ ਸਮਾਜ ‘ਚ ਪ੍ਰਭਾਵ ਬਾਰੇ ਸਰਵੇਖਣ ਹੋਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਤਿਆਰ ਕੀਤੇ ਗਏ ਨਮੂਨੇ ਦੀ ਪ੍ਰਸ਼ਨਾਵਲੀ ਜਿਲ੍ਹੇ ਦੇ ਹਰੇਕ ਸਕੂਲ ਤੱਕ ਪੁੱਜਦੀ ਕੀਤੀ ਜਾ ਚੁੱਕੀ ਹੈ। ਜਿਸ ਤਹਿਤ ਹੀ ਨੈਸ ਦੀ ਯੋਜਨਾਬੱਧ ਤਰੀਕੇ ਨਾਲ ਤਿਆਰੀ ਕੀਤੀ ਜਾਵੇਗੀ।
ਇਸ ਮੌਕੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਇੰਚਾਰਜ ਡੀਐਮ ਗੌਤਮ ਗੌੜ ਨੇ ਸਕੂਲ ਮੁਖੀਆਂ ਨੂੰ ਨੈਸ ਸਬੰਧੀ, ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਤੇ ਖੁਦ ਨੂੰ ਜਾਗਰੂਕ ਹੋਣ ਸਬੰਧੀ ਚਾਨਣਾ ਪਾਇਆ। ਉਨ੍ਹਾਂ ਅਧਿਆਪਕਾਂ ਨੂੰ ਨੈਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਧੀਆਂ ਵੀ ਦੱਸੀਆ।

Spread the love