ਨੌਜਵਾਨਾਂ ਨੂੰ ਵੋਟ ਰਜਿਸਟਰੇਸ਼ਨ ਸਬੰਧੀ ਜਾਗਰੂਕ ਕਰਨ ਲਈ ਲਗਾਇਆ ਵੋਟਰ ਜਾਗਰੂਕਤਾ ਕੈਂਪ

ਜਲੰਧਰ, 25 ਜੂਨ 2021
ਵਿਧਾਨ ਸਭਾ ਚੋਣ ਹਲਕਾ 036 ਜਲੰਧਰ ਉੱਤਰੀ ਤਹਿਤ ਨੇੜੇ ਸਿਟੀ ਰੇਲਵੇ ਸਟੇਸ਼ਨ (ਦਮੋਰੀਆ ਪੁਲ) ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਸਬੰਧੀ ਸ਼੍ਰੀਮਤੀ ਅਨੁਪਮ ਕਲੇਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 036 ਜਲੰਧਰ ਉੱਤਰੀ-ਕਮ ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਡਿਵੈਲਪਮੈਂਟ ਅਥਾਰਟੀ, ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ 2022 ਦੇ ਸਬੰਧ ਵਿੱਚ ਆਮ ਜਨਤਾ ਅਤੇ ਨੌਜਵਾਨ ਵਰਗ ਨੂੰ ਵੋਟ ਰਜਿਸਟਰੇਸ਼ਨ ਅਤੇ ਵੋਟ ਦੇ ਹੱਕ ਦੇ ਸਹੀ ਇਸਤੇਮਾਲ ਸਬੰਧੀ ਜਾਗਰੂਕ ਲਈ 24 ਜੂਨ 2021 ਤੋਂ ਲਗਾਤਾਰ ਜਾਗਰੂਕਤਾ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਅੱਜ ਦਾ ਇਹ ਕੈਂਪ ਲਗਾਇਆ ਗਿਆ ਹੈ ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਵਿੱਚ 30 ਜੂਨ ਤੋਂ 7 ਜੁਲਾਈ ਤੱਕ ਦੁਆਬਾ ਚੌਕ, 8 ਜੁਲਾਈ ਤੋਂ 14 ਜੁਲਾਈ ਤੱਕ ਨਿਊ ਸਬਜ਼ੀ ਮੰਡੀ, ਮਕਸੂਦਾਂ ਅਤੇ 15 ਜੁਲਾਈ ਤੋਂ 22 ਜੁਲਾਈ ਤੱਕ ਕੁਸ਼ਟ ਆਸ਼ਰਮ, ਜਲੰਧਰ ਵਿਖੇ ਅਜਿਹੇ ਹੋਰ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਵੋਟ ਬਣਾਉਣ ਸਬੰਧੀ ਜਾਗਰੂਕ ਕਰਨ ਤੋਂ ਇਲਾਵਾ ਆਮ ਜਨਤਾ/ਵੋਟਰਾਂ ਨੂੰ ਆਨ-ਲਾਈਨ ਅਤੇ ਆਫ-ਲਾਈਨ ਵੋਟਰ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੈਂਪਾਂ ਵਿੱਚ ਕਮਿਸ਼ਨ ਦੇ ਵੈਬ ਪੋਰਟਲ www.nvsp.in ਜਾਂ WWW.Voterporal.gov.in ਜਾਂ voter helpline mobile app ਬਾਰੇ ਵੀ ਆਮ ਜਨਤਾ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

Spread the love