ਨਵਾਂਸ਼ਹਿਰ, 25 ਅਗਸਤ 2021 ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ (ਮੁਰੱਬਾਬੰਦੀ ਸ਼ਾਖਾ) ਅਨੁਸਾਰ ਜ਼ਿਲੇ ਵਿਚ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਵਿਚੋਂ 125 ਅਸਾਮੀਆਂ ’ਤੇ ਸੇਵਾਮੁਕਤ ਪਟਵਾਰੀਆਂ ਤੇ ਕਾਨੂੰਗੋਆਂ ਵਿਚੋਂ ਠੇਕੇ ’ਤੇ ਪਟਵਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਲਈ ਯੋਗ ਉਮੀਦਵਾਰ ਮੁਕੰਮਲ ਦਸਤਾਵੇਜ਼ਾਂ ਸਮੇਤ ਆਪਣੀਆਂ ਦਰਖ਼ਾਸਤਾਂ 3 ਸਤੰਬਰ 2021 ਤੱਕ ਦੇ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਵਿੱਤ ਵਿਭਾਗ ਤੋਂ ਮਿਲੀ ਪ੍ਰਵਾਨਗੀ ਅਨੁਸਾਰ, ਇਹ ਭਰਤੀ ਮਿਤੀ 31.07.2022 ਜਾਂ ਇਨਾਂ ਅਸਾਮੀਆਂ ’ਤੇ ਰੈਗੂਲਰ ਭਰਤੀ ਹੋਣ, ਜੋ ਵੀ ਪਹਿਲਾਂ ਵਾਪਰੇ, ਤੱਕ ਹੋਵੇਗੀ। ਉਨਾਂ ਦੱਸਿਆ ਕਿ ਠੇਕੇ ਦੇ ਆਧਾਰ ’ਤੇ ਭਰਤੀ ਹੋਣ ਵਾਲੇ ਸੇਵਾਮੁਕਤ ਪਟਵਾਰੀਆਂ ਤੇ ਕਾਨੂੰਗੋਆਂ ਨੂੰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਬਿਨੇਕਾਰਾਂ ਦੀ ਉਮਰ 64 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਉਸ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗ ਪੜਤਾਲ ਨਾ ਚੱਲੀ ਹੋਵੇ ਅਤੇ ਉਸ ਦਾ ਸੇਵਾ ਰਿਕਾਰਡ ਸਾਫ ਸੁਥਰਾ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸ਼ਰਤਾਂ ਪੂਰੀਆਂ ਕਰਨ ਵਾਲੇ ਯੋਗ ਉਮੀਦਵਾਰ, ਜਿਹੜੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਰਿਟਾਇਰ ਹੋਏ ਹਨ, ਆਪਣੀਆਂ ਦਰਖ਼ਾਸਤਾਂ ਮੁਕੰਮਲ ਦਸਤਾਵੇਜ਼ਾਂ ਸਮੇਤ ਸਬੰਧਤ ਤਹਿਸੀਲਦਾਰ ਨੂੰ ਅਤੇ ਹੋਰ ਜ਼ਿਲਿਆਂ ਤੋਂ ਰਿਟਾਇਰ ਹੋਏ ਯੋਗ ਉਮੀਦਵਾਰ ਆਪਣੀਆਂ ਦਰਖ਼ਾਸਤਾਂ ਦਫ਼ਤਰ ਡਿਪਟੀ ਕਮਿਸ਼ਨਰ (ਸਦਰ ਕਾਨੂੰਗੋ ਸ਼ਾਖਾ) ਸ਼ਹੀਦ ਭਗਤ ਸਿੰਘ ਨਗਰ ਵਿਖੇ 3 ਸਤੰਬਰ 2021 ਤੱਕ ਦੇ ਸਕਦੇ ਹਨ। ਉਨਾਂ ਕਿਹਾ ਕਿ ਇਸ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਦਰਖ਼ਾਸਤਾਂ ਭਰਤੀ ਲਈ ਵਿਚਾਰੀਆਂ ਨਹੀਂ ਜਾਣਗੀਆਂ।
ਫੋਟੋ :-ਡਾ. ਸ਼ੇਨਾ ਅਗਰਵਾਲ।