ਐਨ.ਟੀ.ਐਸ.ਈ. ਦੀ ਪ੍ਰੀਖਿਆ ‘ਚੋਂ ਮੁਸਕਾਨ, ਰਿਤੂ ਰਾਣੀ ਤੇ ਮੁਸਕਾਨ ਕੌਰ ਰਹੀਆਂ ਮੋਹਰੀ
ਪਟਿਆਲਾ 22 ਜੂਨ 2021
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਅਧੀਨ ਰਾਜ ‘ਚ ਸਿੱਖਿਆ ਦੇ ਮਿਆਰੀਕਰਨ ਲਈ ਕੀਤੇ ਜਾ ਰਹੇ ਉਪਰਾਲੇ ਨਿਰੰਤਰ ਰੰਗ ਦਿਖਾ ਰਹੇ ਹਨ। ਇਨ੍ਹਾਂ ਉੱਦਮਾਂ ਸਦਕਾ ਹੀ ਦੇਸ਼ ਭਰ ਦੇ ਸਕੂਲੀ ਵਿਦਿਆਰਥੀਆਂ ਲਈ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੇ ਨੈਸ਼ਨਲ ਟੇਲੈਂਟ ਸਰਚ ਅਗਜਾਮੀਨੇਸ਼ਨ (ਐਨ.ਟੀ.ਐਸ.ਈ.) ‘ਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 20 ਵਿਦਿਆਰਥੀਆਂ ਨੇ ਪਾਸ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ, ਜਿੰਨ੍ਹਾਂ ‘ਚ ਤਿੰਨ ਵਿਦਿਆਰਥੀ ਪਟਿਆਲਾ ਜਿਲ਼੍ਹੇ ਨਾਲ ਸਬੰਧਤ ਹਨ।
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਦੀ ਵਿਦਿਆਰਥਣ ਮੁਸਕਾਨ ਸਪੁੱਤਰੀ ਰਮੇਸ਼ ਕੁਮਾਰ ਨੇ 144 ਅੰਕਾਂ ਨਾਲ ਉਕਤ ਪ੍ਰੀਖਿਆ ਪਾਸ ਕੀਤੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਬੇੜਾ ਦੀ ਵਿਦਿਆਰਥਣ ਰਿਤੂ ਰਾਣੀ ਸਪੁੱਤਰੀ ਕੇਹਰ ਸਿੰਘ ਨੇ 136 ਅੰਕਾਂ ਨਾਲ ਸਫਲ ਹੋਣ ਦਾ ਮਾਣ ਹਾਸਿਲ ਕੀਤਾ ਹੈ। ਸਰਕਾਰੀ ਮਾਡਲ ਹਾਈ ਸਕੂਲ ਨਾਭਾ ਦੀ ਵਿਦਿਆਰਥਣ ਮੁਸਕਾਨ ਕੌਰ ਸਪੁੱਤਰੀ ਪ੍ਰਸ਼ੋਤਮ ਲਾਲ ਨੇ ਵੀ 133 ਅੰਕਾਂ ਨਾਲ ਸਫਲਤਾ ਹਾਸਿਲ ਕੀਤੀ ਹੈ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਨੇ ਤਿੰਨੇ ਵਿਦਿਆਰਥਣਾਂ, ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਤੇ ਮਾਪਿਆਂ ਨੂੰ ਉਕਤ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਹੈ।
1. ਮੁਸਕਾਨ 2. ਰਿਤੂ ਰਾਣੀ 3. ਮੁਸਕਾਨ ਕੌਰ