-ਸਰਕਾਰੀ ਸਕੂਲਾਂ ‘ਚ 8.45 ਫ਼ੀਸਦੀ ਦਾਖਲਾ ਵਧਿਆ
ਪਟਿਆਲਾ 10 ਮਈ:
ਕਰੋਨਾ ਮਹਾਂਮਾਰੀ ਕਰਕੇ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਦੇ ਬੰਦ ਹੋਣ ਦੇ ਬਾਵਜੂਦ ਵੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਐਪਸ ਰਾਹੀਂ ਪੜ੍ਹਾਉਣ ਦਾ ਕੰਮ ਨਿਰੰਤਰ ਜਾਰੀ ਹੈ। ਜਿਸ ਤਹਿਤ ਪਟਿਆਲਾ ਜ਼ਿਲ੍ਹਾ ਪੰਜਾਬ ਦੇ ਉਨ੍ਹਾਂ 12 ਜ਼ਿਲ੍ਹਿਆਂ ‘ਚ ਸ਼ਾਮਲ ਹੈ, ਜਿਸ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਜ਼ੂਮ ਤੇ ਵਟਸ ਐਪ ਰਾਹੀਂ ਵਿਦਿਆਰਥੀਆਂ ਨੂੰ ਹਰ ਰੋਜ਼ ਸਕੂਲ ਵਾਂਗ ਹੀ ਪੜ੍ਹਾਇਆ ਜਾ ਰਿਹਾ ਹੈ ਅਤੇ ਡੀ.ਡੀ. ਪੰਜਾਬੀ ਚੈਨਲ ਰਾਹੀਂ ਸੋਮਵਾਰ ਤੋਂ ਸ਼ਨੀਵਾਰ ਤੱਕ ਵਿਭਾਗ ਦੇ ਮਾਹਿਰ ਅਧਿਆਪਕਾਂ ਵੱਲੋਂ ਪੜ੍ਹਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦਿਆਰਥੀ ਸਕੂਲ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੀ ਗਈ ਐਜੂਕੇਅਰ ਐਪ ਰਾਹੀਂ ਵੀ ਵਿਸ਼ਾ ਵਾਰ ਪੜ੍ਹਾਈ ਕਰ ਰਹੇ ਹਨ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਨਿਰੰਤਰ ਬੱਚਿਆਂ ਤੇ ਮਾਪਿਆਂ ਨਾਲ ਫ਼ੋਨ ਜ਼ਰੀਏ ਪੜ੍ਹਾਈ ਸਬੰਧੀ ਵਿਚਾਰ ਚਰਚਾ ਕੀਤੀ ਜਾਂਦੀ ਹੈ। ਬੱਚਿਆਂ ਦੇ ਬੱਡੀ ਗਰੁੱਪ ਵੀ ਬਣਾਏ ਗਏ ਹਨ। ਬਹੁਤ ਸਾਰੇ ਮਾਹਿਰ ਅਧਿਆਪਕਾਂ ਨੇ ਨਿੱਜੀ ਯੂ ਟਿਊਬ ਚੈਨਲ ਬਣਾਕੇ, ਵੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਦੇ ਵਿਲੱਖਣ ਯਤਨਾਂ ਸਦਕਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਨਵੇਂ ਸੈਸ਼ਨ ਦੌਰਾਨ ਹੁਣ ਤੱਕ 8.45 ਫ਼ੀਸਦੀ ਦਾਖਲਾ ਵਧਿਆ ਹੈ, ਜਿਸ ਤਹਿਤ 15948 ਨਵੇਂ ਵਿਦਿਆਰਥੀ ਦਾਖਲ ਹੋਏ ਹਨ। ਜਿਨ੍ਹਾਂ ‘ਚ 12905 ਵਿਦਿਆਰਥੀ ਨਿੱਜੀ ਸਕੂਲਾਂ ਤੋਂ ਹੱਟ ਕੇ ਆਏ ਹਨ। ਇਸ ਤਰ੍ਹਾਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਪਿਛਲੇ ਸੈਸ਼ਨ ‘ਚ ਦਾਖਲ 188724 ਵਿਦਿਆਰਥੀਆਂ ਦੇ ਮੁਕਾਬਲੇ ਇਸ ਵਾਰ 204672 ਵਿਦਿਆਰਥੀ ਦਾਖਲ ਹਨ। ਇਹ ਦਾਖਲਾ ਅਜੇ ਹੋਰ ਵਧਣ ਦੀ ਉਮੀਦ ਹੈ।
ਡੀ.ਈ.ਓ. (ਸੈ.ਸਿੱ.) ਹਰਿੰਦਰ ਕੌਰ ਨੇ ਦੱਸਿਆ ਕਿ ਸੈਕੰਡਰੀ ਵਿੰਗ ‘ਚ ਇਸ ਵਾਰ ਪਿਛਲੇ ਸੈਸ਼ਨ ਨਾਲੋਂ 9.74 ਫ਼ੀਸਦੀ ਦਾਖਲਾ ਵਧਿਆ ਹੈ। ਪਿਛਲੇ ਸੈਸ਼ਨ ‘ਚ ਸਰਕਾਰੀ ਸਕੂਲਾਂ ਦੇ ਸੈਕੰਡਰੀ ਵਿੰਗ ‘ਚ 102146 ਵਿਦਿਆਰਥੀ ਸਨ ਤੇ ਇਸ ਵਾਰ ਇਹ ਅੰਕੜਾ 112100 ਤੱਕ ਪੁੱਜ ਗਿਆ ਹੈ। ਇਸੇ ਤਰ੍ਹਾਂ ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ 6.92 ਫ਼ੀਸਦੀ (5994 ਵਿਦਿਆਰਥੀ) ਦਾਖਲਾ ਵਧਿਆ ਹੈ। ਪਿਛਲੇ ਸੈਸ਼ਨ ‘ਚ ਪ੍ਰਾਇਮਰੀ ਵਿੰਗ ‘ਚ 86578 ਵਿਦਿਆਰਥੀ ਸਨ ਤੇ ਇਸ ਵਾਰ ਇਹ ਗਿਣਤੀ 92572 ਤੱਕ ਪੁੱਜ ਗਈ ਹੈ।
ਤਸਵੀਰ:- ਸਰਕਾਰੀ ਸੈਕੰਡਰੀ ਸਕੂਲ ਸੇਹਰਾ ਦੇ ਪ੍ਰਿੰ. ਭਰਪੂਰ ਸਿੰਘ ਲੌਟ ਜ਼ੂਮ ਐਪ ਰਾਹੀਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਜਾਇਜ਼ਾ ਲੈਂਦੇ ਹੋਏ। ਦੂਸਰੀ ਤਸਵੀਰ ਸਾਇੰਸ ਮਿਸਟ੍ਰੈਸ ਮਨਪ੍ਰੀਤ ਕੌਰ ਯੂ ਟਿਊਬ ਲੈਕਚਰ ਰਾਹੀਂ ਬੱਚਿਆਂ ਨੂੰ ਪੜ੍ਹਾਉਂਦੀ ਹੋਈ।