ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਦੀ ਉਪਲਬਧਤਾ ਦਾ ਜਾਇਜ਼ਾ ਲਿਆ

ਐਸ.ਏ.ਐਸ. ਨਗਰ, 2 ਸਤੰਬਰ 2021
ਮੁੱਖ ਖੇਤੀਬਾੜੀ ਅਫ਼ਸਰ, ਐਸ.ਏ.ਐਸ. ਨਗਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਕਿਸਾਨਾਂ ਅਤੇ ਕਿਸਾਨ ਗਰੁੱਪਾਂ ਨੂੰ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਸਕੀਮਾਂ ਅਧੀਨ ਸਬਸਿਡੀ ਉਤੇ ਸਪਲਾਈ ਕੀਤੀ ਗਈ ਮਸ਼ੀਨਰੀ ਇਸ ਸਾਲ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਕਟਾਈ ਉਪਰੰਤ ਲੋੜਵੰਦ ਕਿਸਾਨਾਂ ਨੂੰ ਕਿਰਾਏ ਉਤੇ ਉਪਲਬਧ ਕਰਵਾਉਣ ਲਈ ਵਿਉਂਤਬੰਦੀ ਹਿੱਤ ਬਲਾਕ ਖਰੜ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਪਿੰਡ ਮਦਨਹੇੜੀ ਵਿਖੇ ਸ਼ਹੀਦ ਊਧਮ ਸਿੰਘ ਫਾਰਮਰ ਕਲੱਬ ਅਤੇ ਪਿੰਡ ਦੀ ਪੰਚਾਇਤ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਪਲਾਈ ਕੀਤੀਆਂ ਮਸ਼ੀਨਾਂ ਦੀ ਚੈਕਿੰਗ ਕੀਤੀ ਗਈ ਅਤੇ ਸਬੰਧਤ ਗਰੁੱਪ/ਪੰਚਾਇਤ ਨੂੰ ਮਸ਼ੀਨਾਂ ਸਬੰਧੀ ਦਸਤਾਵੇਜ਼ਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸ੍ਰੀ ਰਹੇਜਾ ਨੇ ਦੱਸਿਆ ਕਿ ਇਸ ਸਾਉਣੀ ਦੇ ਸੀਜ਼ਨ ਵਿੱਚ ਝੋਨੇ ਦੀ ਕਟਾਈ ਲਈ ਕੰਬਾਈਨਾਂ ਨਾਲ ਐਸ.ਐਮ.ਐਸ. ਦੀ ਵਰਤੋਂ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਦਿੱਤੀ ਗਈ ਮਸ਼ੀਨਰੀ ਦੀ ਵਧੇਰੇ ਵਰਤੋਂ ਲਈ ਆਈ-ਖੇਤ ਨਾਮ ਦਾ ਮੋਬਾਈਲ ਐਪ ਤਿਆਰ ਕੀਤਾ ਗਿਆ, ਜਿਸ ਨੂੰ ਲੋੜਵੰਦ ਕਿਸਾਨ ਡਾਊਨਲੋਡ ਕਰ ਕੇ ਕਿਰਾਏ ਉਤੇ ਮਸ਼ੀਨਰੀ ਲੈ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕਿਸਾਨ ਗਰੁੱਪਾਂ ਅਤੇ ਸਹਿਕਾਰੀ ਸਭਾਵਾਂ ਪਾਸ ਉਪਲਬਧ ਮਸ਼ੀਨਰੀ ਸਬੰਧੀ ਸੂਚਨਾ ਦੇਣ ਲਈ ਵਿਭਾਗ ਵੱਲੋਂ ਕਿਤਾਬਚਾ ਤਿਆਰ ਕੀਤਾ ਗਿਆ, ਜੋ ਕਿਸਾਨਾਂ ਨੂੰ ਮੁਫ਼ਤ ਵੰਡਿਆ ਜਾ ਰਿਹਾ ਹੈ ਤਾਂ ਜੋ ਕਿਸਾਨ ਮਹਿੰਗੀ ਮਸ਼ੀਨਰੀ ਮੁੱਲ ਖਰੀਦਣ ਦੀ ਥਾਂ ਕਿਰਾਏ ਉਤੇ ਮਸ਼ੀਨ ਦੀ ਵਰਤੋਂ ਕਰਨ ਨੂੰ ਤਰਜੀਹ ਦੇਣ।
ਇਸ ਸਮੇਂ ਪਿੰਡ ਮਦਨਹੇੜੀ ਦੇ ਸਰਪੰਚ ਜਸਵਿੰਦਰ ਸਿੰਘ, ਬਲਾਕ ਖਰੜ ਦੇ ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਦਿਆਲ ਕੁਮਾਰ, ਇੰਜਨੀਅਰਿੰਗ ਸ਼ਾਖਾ ਦੇ ਤਕਨੀਸ਼ੀਅਨ ਲਖਵਿੰਦਰ ਸਿੰਘ ਅਤੇ ਆਤਮਾ ਸਕੀਮ ਅਧੀਨ ਬੀ.ਟੀ.ਐਮ. ਜਗਦੀਪ ਸਿੰਘ ਅਤੇ ਅਗਾਂਹਵਧੂ ਕਿਸਾਨ ਰਵਿੰਦਰ ਸਿੰਘ ਹਾਜ਼ਰ ਸਨ।

Spread the love