ਸੂਪਰਸੀਡਰ ਰਾਂਹੀ ਕਣਕ ਦੀ ਬਿਜਾਈ ਕਰਨ ਨੂੰ ਦਿੱਤੀ ਜਾਵੇ- ਡਿਪਟੀ ਕਮਿਸ਼ਨਰ
ਤਰਨਤਾਰਨ, 15 ਸਤੰਬਰ 2021
ਜਿਲ੍ਹੇ ਵਿੱਚ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਜਿੱਥੇ ਖੇਤੀਬਾੜੀ ਵਿਭਾਗ ਦੀ ਅਗਵਾਈ ਹੇਠ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਉਥੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪਿੰਡ ਪੱਧਰ ਤੱਕ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਇੰਨਾ ਟੀਮਾਂ ਵਿੱਚ ਖੇਤੀਬਾੜੀ ਵਿਭਾਗ ਤੋਂ ਇਲਾਵਾ ਬਿਜਲੀ, ਮਾਲ, ਸਹਿਕਾਰਤਾ, ਪ੍ਰਦੂਸ਼ਣ, ਜੀ ਓ ਜੀ ਅਤੇ ਹੋਰ ਵਿਭਾਗਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨਾ ਦਾ ਸਿੱਧਾ ਵਾਸਤਾ ਕਿਸਾਨਾਂ ਨਾਲ ਪੈਂਦਾ ਹੈ।
ਡਿਪਟੀ ਕਮਿਸ਼ਨਰ ਸ ਕੁਲਵੰਤ ਸਿੰਘ ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਪਰਾਲੀ ਨੂੰ ਖੇਤ ਵਿੱਚ ਰਲਾਉਣ ਲਈ ਜੋ ਵੀ ਸੰਦ ਕਿਸਾਨਾਂ ਨੂੰ ਚਾਹੀਦੇ ਹਨ ਉਹ ਮਿਲਣੇ ਯਕੀਨੀ ਬਣਾਏ ਜਾਣ। ਇਸ ਤੋਂ ਇਲਾਵਾ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰਨ ਲਈ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ ਵੀ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ, ਜਿਸ ਦੇ ਚੰਗੇ ਨਤੀਜੇ ਪਿਛਲੇ ਸਾਲ ਰਹੇ ਹਨ। ਜਿਕਰਯੋਗ ਹੈ ਕਿ ਸੁਪਰ ਸੀਡਰ ਨਾਲ ਕਣਕ ਬੀਜਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਣ ਹੋਣ ਤੋਂ ਬਚਦਾ ਹੈ ਉੱਥੇ ਹੀ ਕਿਸਾਨਾਂ ਦਾ ਖਰਚਾ ਵੀ ਘੱਟ ਹੁੰਦਾ ਹੈ ਅਤੇ ਜਮੀਨ ਦੀ ਉਪਜਾਉ ਸ਼ਕਤੀ ਵਧਦੀ ਹੈ। ਸੁਪਰ ਸੀਡਰ ਨਾਲ ਕਣਕ ਬੀਜਣ ਨਾਲ ਜਿੱਥੇ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਉੱਥੇ ਖਾਦਾਂ ਤੇ ਆਉਣ ਵਾਲੇ ਖਰਚ ਵਿੱਚ ਕਾਫੀ ਬੱਚਤ ਹੁੰਦੀ ਹੈ।
ਉਨ੍ਹਾਂ ਖੇਤੀਬਾੜ੍ਹੀ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡ ਪੱਧਰ ਤੇ ਜਾਣਕਾਰੀ ਇਕੱਤਰ ਕਰਨ ਕਿ ਕਿਸ ਪਿੰਡ ਵਿੱਚ ਕਿੰਨੀ ਮਸ਼ੀਨਰੀ ਉਪਲੱਬਧ ਹੈ ਤਾਂ ਜੋ ਜਿਹੜੇ ਪਿੰਡਾਂ ਦੇ ਵਿੱਚ ਮਸ਼ੀਨਰੀ ਦੀ ਘਾਟ ਹੋਵੇਗੀ ਉਸ ਪਿੰਡ ਨੂੰ ਵਾਧੂ ਮਸ਼ੀਨਰੀ ਵਾਲੇ ਪਿੰਡ ਨਾਲ ਜੋੜ ਕੇ ਮਸ਼ੀਨਰੀ ਦੀ ਘਾਟ ਪੂਰੀ ਕੀਤੀ ਜਾਵੇ।
ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਝੋਨੇ ਦੀ ਕਟਾਈ ਸਮੇਂ ਜ਼ਿਲ੍ਹੇ ਅੰਦਰ ਬਿਨ੍ਹਾਂ ਐਸ ਐਮ ਐਸ ਤੋਂ ਕੰਬਾਇਨ ਚਲਾਉਣ ਤੇ ਪੂਰਨ ਪਾਬੰਦੀ ਯਕੀਨੀ ਬਣਾਈ ਜਾਵੇ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਪਿੰਡਾਂ ਦੀਆਂ ਸਾਝੀਆਂ ਥਾਵਾਂ ਤੇ ਅਜਿਹੇ ਫਲੈਕਸ ਲਗਾਏ ਜਾਣ ਜਿਸ ਤੇ ਇਹ ਦਰਸਾਇਆ ਹੋਵੇ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਕੀ ਕੀ ਨੁਕਸਾਨ ਹੁੰਦੇ ਹਨ ਅਤੇ ਇਸਨੂੰ ਖੇਤ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕਰਨ ਨਾਲ ਕੀ ਕੀ ਲਾਭ ਹੁੰਦੇ ਹਨ। ਉਨ੍ਹਾਂ ਸਕੂਲਾਂ ਤੇ ਕਾਲਜਾਂ ਵਿੱਚ ਪੜਦੇ ਬੱਚਿਆਂ ਦਾ ਸਾਥ ਵੀ ਇਸ ਮੁਹਿੰਮ ਵਿੱਚ ਲੈਣ ਲਈ ਹਦਾਇਤ ਕਰਦੇ ਕਿਹਾ ਕਿ ਬਹੁਤੇ ਬੱਚੇ ਪਿੰਡਾਂ ਦੇ ਨਾਲ ਸਬੰਧਤ ਹਨ ਅਤੇ ਬੱਚੇ ਆਪਣੇ ਪਰਿਵਾਰਾਂ ਨੂੰ ਪਰਾਲੀ ਦੀ ਅੱਗ ਤੋਂ ਹੁੰਦੇ ਨੁਕਸਾਨ ਨੂੰ ਅਸਾਨੀ ਨਾਲ ਸਮਝਾ ਸਕਦੇ ਹਨ।